ਚੰਗੇ ਪ੍ਰੋਡਿਊਸਰ ਹੁੰਦੇ ਤਾਂ ‘ਗੌਨ ਕੇਸ਼’ ਵੀ ਕਮਾਲ ਕਰਦੀ: ਸ਼ਵੇਤਾ
ਫਿਲਮ ‘ਗੌਨ ਕੇਸ਼’ ’ਚ ਗੰਜੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਸ਼ਵੇਤਾ ਤ੍ਰਿਪਾਠੀ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਫਿਲਮ ਨੂੰ ‘ਬਾਲਾ’ ਤੇ ‘ਉਜੜਾ ਚਮਨ’ ਫਿਲਮਾਂ ਜਿਹੇ ਪ੍ਰੋਡਿਊਸਰ ਮਿਲਦੇ ਤਾਂ ਉਸ ਦੀ ਫਿਲਮ ਵੀ ਦਰਸ਼ਕਾਂ ਵੱਲੋਂ ਵੱਧ ਦੇਖੀ ਜਾਣੀ ਸੀ। ‘ਬਾਲਾ’ ਤੇ ‘ਉਜੜਾ ਚਮਨ’ ਪੁਰਸ਼ਾਂ ਦੇ ਗੰਜੇਪਣ ਦੀ ਸਮੱਸਿਆ ’ਤੇ ਆਧਾਰਤ ਫਿਲਮਾਂ ਹਨ ਜਿਨ੍ਹਾਂ ’ਚ ਕ੍ਰਮਵਾਰ ਆਯੂਸ਼ਮਾਨ ਖੁਰਾਣਾ ਤੇ ਸਨੀ ਸਿੰਘ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਸ਼ਵੇਤਾ ਨੇ ਕਿਹਾ, ‘ਜਦੋਂ ‘ਗੌਨ ਕੇਸ਼’ ਰਿਲੀਜ਼ ਹੋਈ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਇਹ ਬਹੁਤ ਛੋਟੀ ਫਿਲਮ ਸੀ ਤੇ ਸਾਡੇ ਕੋਲ ਇਸ ਦੇ ਪ੍ਰਚਾਰ ਲਈ ਬਹੁਤੇ ਪੈਸੇ ਨਹੀਂ ਸੀ ਪਰ ਮੈਨੂੰ ਆਸ ਸੀ ਕਿ ਲੋਕ ਫਿਰ ਵੀ ਇਸ ਨੂੰ ਦੇਖਣ ਆਉਣਗੇ।’ ਜ਼ਿਕਰਯੋਗ ਹੈ ਕਿ ‘ਉਜੜਾ ਚਮਨ’ ਤੇ ‘ਬਾਲਾ’ ਨੂੰ ਦਰਸ਼ਕਾਂ ਨੇ ਚੰਗਾ ਹੁੰਗਾਰਾ ਦਿੱਤਾ ਜਦਕਿ ‘ਗੌਨ ਕੇਸ਼’ ਬਾਕਸ ਆਫਿਸ ’ਤੇ ਬਹੁਤਾ ਕਮਾਲ ਨਾ ਕਰ ਸਕੀ। ਲੇਖਕ ਤੇ ਨਿਰਦੇਸ਼ਕ ਕਾਸਿਮ ਖਾਲੋਅ ਦੀ ਫਿਲਮ ‘ਗੌਨ ਕੇਸ਼’ ਇੱਕ ਅੱਲ੍ਹੜ ਕੁੜੀ ਦੀ ਕਹਾਣੀ ਹੈ ਜੋ ਡਾਂਸਰ ਬਣਨਾ ਚਾਹੁੰਦੀ ਹੈ ਪਰ ਉਹ ਝੜਨ ਦੀ ਬਿਮਾਰੀ ਤੋਂ ਪੀੜਤ ਹੈ।






