ਬੌਲੀਵੁੱਡ ’ਚ ਮੁਕਾਮ ਬਣਾਉਣਾ ਸੌਖ਼ਾ ਨਹੀਂ: ਕਨਿਕਾ ਕਪੂਰ
ਨਵੀਂ ਦਿੱਲੀ – ਸੰਨ 2012 ’ਚ ਗੀਤ ‘ਜੁਗਨੀ ਜੀ’ ਨਾਲ ਰਾਤੋ-ਰਾਤ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਵਾਲੀ ਗਾਇਕਾ ਕਨਿਕਾ ਕਪੂਰ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ। ਉਸ ਨੇ ਇਕ ਤੋਂ ਬਾਅਦ ਹਿੱਟ ਗੀਤ ਦਿੱਤੇ ਹਨ ਜਿਨ੍ਹਾਂ ਵਿਚ ‘ਬੇਬੀ ਡੌਲ’, ਤੇ ‘ਲਵਲੀ’ ਜਿਹੇ ਗੀਤ ਸ਼ਾਮਲ ਹਨ। ਕਨਿਕਾ ਦਾ ਮੰਨਣਾ ਹੈ ਕਿ ਬੌਲੀਵੁੱਡ ’ਚ ਮੁਕਾਮ ਬਣਾਉਣਾ ਕਾਫ਼ੀ ਔਖਾ ਹੈ। ਗਾਇਕਾ ਨੇ ਕਿਹਾ ਕਿ 2012 ਤੋਂ ਲੈ ਕੇ ਹੁਣ ਤੱਕ ਜਿਸ ਮੁਕਾਮ ’ਤੇ ਉਹ ਹੈ, ਉਸ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਹੈ। ਉਸ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਜਦ ਉਹ ਮੁੰਬਈ ਆਈ ਤਾਂ ਇੱਥੇ ਕਿਸੇ ਨੂੰ ਨਹੀਂ ਜਾਣਦੀ ਸੀ ਤੇ ਫ਼ਿਲਮ ਸਨਅਤ ਕਿਵੇਂ ਕੰਮ ਕਰਦੀ ਹੈ, ਇਸ ਬਾਰੇ ਵੀ ਅਣਜਾਣ ਸੀ। ਉਸ ਨੇ ਕਿਹਾ ਕਿ ਉਹ ਸੰਸਾਰ ਭਰ ਦੇ ਕਲਾਕਾਰਾਂ ਨਾਲ ਰਲ ਕੇ ਸੰਗੀਤ ਬਣਾਉਣ ਚਾਹੁੰਦੀ ਹੈ ਤੇ ਫ਼ਿਲਹਾਲ ਆਪਣੇ ਕਰੀਅਰ ਤੋਂ ਖ਼ੁਸ਼ ਹੈ। ਜ਼ਿਕਰਯੋਗ ਹੈ ਕਿ ਕਨਿਕਾ ਦਾ 1997 ’ਚ 18 ਸਾਲ ਦੀ ਉਮਰ ਵਿਚ ਵਿਆਹ ਹੋ ਗਿਆ ਸੀ ਤੇ ਉਹ ਲੰਡਨ ਆ ਗਈ। ਕਨਿਕਾ ਦਾ 2012 ’ਚ ਤਲਾਕ ਹੋ ਗਿਆ ਸੀ ਤੇ ਉਸ ਦੇ ਤਿੰਨ ਬੱਚੇ ਹਨ।






