ਖੁ਼ਦ ਨੂੰ ਲਗਾਤਾਰ ਸਾਬਤ ਕਰਨਾ ਬਹੁਤ ਥਕਾਊ: ਯਾਮੀ ਗੌਤਮ
ਅਦਾਕਾਰਾ ਯਾਮੀ ਗੌਤਮ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ਵਿੱਚ ਪੁਰਸ਼ ਤੇ ਮਹਿਲਾ ਅਦਾਕਾਰਾਂ ਪ੍ਰਤੀ ਵੱਖੋ-ਵੱਖਰਾ ਰਵੱਈਆ ਅਖ਼ਤਿਆਰ ਕੀਤਾ ਜਾਂਦਾ ਹੈ। ਯਾਮੀ ਮੰਨਦੀ ਹੈ ਕਿ ਮਹਿਲਾਵਾਂ ਨੂੰ ਮੁੜ ਮੁੜ ਆਪਣੀ ਕਾਬਲੀਅਤ ਸਾਬਤ ਕਰਨ ਲਈ ਆਖਿਆ ਜਾਂਦਾ ਹੈ ਤੇ ਇਹ ਅਮਲ ਕਾਫ਼ੀ ਥਕਾਉਣ ਵਾਲਾ ਹੈ। ਸ਼ੂਜੀਤ ਸਰਕਾਰ ਦੀ ਫ਼ਿਲਮ ‘ਵਿੱਕੀ ਡੋਨਰ’ ਨਾਲ ਫ਼ਿਲਮ ਇੰਡਸਟਰੀ ’ਚ ਪੈਰ ਧਰਨ ਵਾਲੀ ਯਾਮੀ ਨੇ ਕਿਹਾ ਕਿ ਫ਼ਿਲਮਾਂ ਵਿਚ ਉਹਦੀ ਪੇਸ਼ਕਾਰੀ ਨੂੰ ਵਡਿਆਏ ਜਾਣ ਦੇ ਬਾਵਜੂਦ ਉਹ ਫ਼ਿਲਮ ਸਨਅਤ ਦੀ ਰੂੜ੍ਹੀਵਾਦੀ ਸੋਚ ਤੋਂ ਨਹੀਂ ਬਚ ਸਕੀ, ਇਹ ਕੁਝ ਅਜਿਹਾ ਹੈ ਜੋ ਆਮ ਕਰਕੇ ਤੁਹਾਡੇ ਪੁਰਸ਼ ਸਹਿ-ਕਰਮੀਆਂ ਨਾਲ ਨਹੀਂ ਵਾਪਰਦਾ। ਯਾਮੀ ਨੇ ਕਿਹਾ, ‘ਮੇਰੀ ਪਹਿਲੀ ਫ਼ਿਲਮ ’ਚ ਭੂਮਿਕਾ ਪੇਸ਼ਕਾਰੀ ਅਧਾਰਿਤ ਸੀ ਤੇ ਲੋਕਾਂ ਨੇ ਇਸ ਦਾ ਨੋਟਿਸ ਲਿਆ। ਪਰ ਕਿਤੇ ਨਾ ਕਿਤੇ ਰੂੜ੍ਹੀਵਾਦੀ ਸੋਚ ਵੀ ਸੀ ਕਿਉਂਕਿ ਇਕ ਅਦਾਕਾਰ ਦੇ ਨਜ਼ਰੀਏ ਤੋਂ ਇਹ ਰਵਾਇਤੀ ਭੂਮਿਕਾ ਨਹੀਂ ਸੀ। ਇਹੀ ਉਹ ਫ਼ਰਕ ਹੈ, ਜੋ ਇਕ ਅਦਾਕਾਰ ਤੇ ਅਦਾਕਾਰਾ ਵਿੱਚ ਕੀਤਾ ਜਾਂਦਾ ਹੈ।’






