April 24, 2026
#ਮਨੋਰੰਜਨ

ਸਿੱਖਿਆ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਤਾਪਸੀ

ਅਦਾਕਾਰਾ ਤਾਪਸੀ ਪੰਨੂ ਦਾ ਮੰਨਣਾ ਹੈ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸਿੱਖਿਆ ਹੈ। ਉਨ੍ਹਾਂ ‘ਕੌਣ ਬਨੇਗਾ ਕਰੋੜਪਤੀ 11’ ਦੇ ਸ਼ੋਅ ਲਈ ਕਰਮਵੀਰ ਲੜੀਵਾਰ ਦੀ ਹੁਣੇ ਜਿਹੇ ਸ਼ੂਟਿੰਗ ਕੀਤੀ ਹੈ ਜਿਸ ’ਚ ਉਨ੍ਹਾਂ ਉੜੀਸਾ ਦੇ ਕਲਾਰਬਾਂਕਾ ਦੇ ਅਚੁਯਤ ਸਾਮੰਤ ਨਾਲ ਸਾਂਝੇ ਤੌਰ ’ਤੇ ਇਹ ਗੇਮ ਖੇਡੀ। ਅਚੁਯਤ ਨੇ ਕਲਿੰਗਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੀ ਸਥਾਪਨਾ ਕੀਤੀ ਹੈ ਜਿਸ ’ਚ ਉੜੀਸਾ ਦੇ ਆਦਿਵਾਸੀਆਂ ਦੇ ਬੱਚਿਆਂ ਨੂੰ ਮੁਫ਼ਤ ’ਚ ਰਿਹਾਇਸ਼, ਭੋਜਨ, ਸਿਹਤ ਸੰਭਾਲ ਅਤੇ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਉਹ ਕਾਲਿੰਗਾ ਇੰਸਟੀਚਿਊਟ ਆਫ਼ ਇੰਡਸਟਰੀਅਲ ਟੈਕਨਾਲੌਜੀ ਅਤੇ ਕਾਲਿੰਗਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਬਾਨੀ ਵੀ ਹਨ। ਤਾਪਸੀ ਨੇ ਦੱਸਿਆ ਕਿ ਉਹ ਇਕ ਵਾਰ ਉੜੀਸਾ ਗਈ ਹੈ ਅਤੇ ਉਹ ਵੀ ਅਚੁਯਤ ਹੋਰਾਂ ਦੇ ਇੰਸਟੀਚਿਊਟ ’ਚ ਚਰਚਾ ਦਾ ਪ੍ਰੋਗਰਾਮ ਸੀ। ‘ਉਸ ਸਮੇਂ ਮੈਨੂੰ ਉਨ੍ਹਾਂ ਦੇ ਕੰਮ ਬਾਰੇ ਪਤਾ ਲੱਗਾ ਸੀ ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ। ਮੇਰੇ ਖ਼ਿਆਲ ਨਾਲ ਸਿੱਖਿਆ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਅਤੇ ਡਾਕਟਰ ਸਾਮੰਤ ਇਸ ਖੇਤਰ ’ਚ ਬਹੁਤ ਵਧੀਆ ਕੰਮ ਕਰ ਰਹੇ ਹਨ।’ ਸਾਮੰਤ ‘ਕੇਬੀਸੀ’ ਸ਼ੋਅ ਦਾ ਹਿੱਸਾ ਬਣ ਕੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਅਮਿਤਾਭ ਬੱਚਨ ਨੂੰ ਉਹ ਸ਼ੋਅ ’ਤੇ ਦੂਜੀ ਵਾਰ ਮਿਲੇ ਹਨ। ਸਾਮੰਤ ਨੇ ਕਿਹਾ ਕਿ ਸ੍ਰੀ ਬੱਚਨ ਉਨ੍ਹਾਂ ਵੱਲੋਂ 30 ਹਜ਼ਾਰ ਤੋਂ ਵੱਧ ਆਦਿਵਾਸੀ ਬੱਚਿਆਂ ਨੂੰ ਸਿੱਖਿਆ ਦੇਣ ਜਿਹੇ ਚੰਗੇ ਕੰਮ ਤੋਂ ਹੈਰਾਨ ਸਨ ਜਦਕਿ ਕਿਸੇ ਵੀ ਵਿਅਕਤੀ ਦੇ ਅੱਗੇ ਵਧਣ ਦੇ ਰਾਹ ’ਚ ਸਿੱਖਿਆ ਸਭ ਤੋਂ ਅਹਿਮ ਹੈ।