May 3, 2026
#ਮਨੋਰੰਜਨ

ਮੇਰੇ ਲਈ ਮਾਂ ਹੋਣਾ ਸਭ ਤੋਂ ਅਹਿਮ: ਕ੍ਰਿਸ਼ਮਾ ਕਪੂਰ

ਏਐੱਲਟੀਬਾਲਾਜੀ ਅਤੇ ਜ਼ੀ5 ਦੀ ਵੈੱਬ ਸੀਰੀਜ਼ ‘ਮੈਂਟਲਹੁੱਡ’ ਰਾਹੀਂ ਡਿਜੀਟਲ ਦੁਨੀਆ ਵਿੱਚ ਕਦਮ ਰੱਖ ਰਹੀ ਅਦਾਕਾਰਾ ਕ੍ਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਇਸ ਸ਼ੋਅ ਵਿੱਚ ਮਾਂ ਦੇ ਰਿਸ਼ਤੇ ਨੂੰ ਉਭਾਰਿਆ ਗਿਆ ਹੈ। ਸ਼ੋਅ ਦੀ ਲਾਂਚ ਮੌਕੇ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਕ੍ਰਿਸ਼ਮਾ ਨੇ ਕਿਹਾ ਕਿ ਉਸ ਦੇ ਲਈ ਆਪਣੇ ਦੋ ਬੱਚਿਆਂ ਦੀ ਮਾਂ ਹੋਣ ਤੋਂ ਅਹਿਮ ਕੁਝ ਵੀ ਨਹੀਂ ਹੈ ਅਤੇ ਉਸ ਨੂੰ ਭਰੋਸਾ ਹੈ ਕਿ ਇਹ ਸੀਰੀਜ਼ ਦੇਸ਼ ਭਰ ਦੀਆਂ ਮਹਿਲਾਵਾਂ ਨਾਲ ਜੁੜਨ ਦੀ ਸਮਰੱਥਾ ਰੱਖਦੀ ਹੈ। 45 ਵਰ੍ਹਿਆਂ ਦੀ ਇਸ ਅਦਾਕਾਰਾ ਨੇ ਦੱਸਿਆ, ‘‘ਇਸ ਸ਼ੋਅ ਲਈ ਜਦੋਂ ਏਕਤਾ (ਕਪੂਰ) ਨੇ ਮੇਰੇ ਤੱਕ ਪਹੁੰਚ ਕੀਤੀ ਅਤੇ ਮੈਨੂੰ ਕਹਾਣੀ ਸੁਣਾਈ, ਤਾਂ ਮੈਂ ਨਾਂਹ ਨਹੀਂ ਕਰ ਸਕੀ ਕਿਉਂਕਿ ਇਹ ਕਹਾਣੀ ਅੱਜ ਦੇ ਸਮੇਂ ਅਨੁਸਾਰ ਬਹੁਤ ਢੁਕਵੀਂ ਹੈ। ਮੇਰੇ ਲਈ ਮਾਂ ਹੋਣਾ ਸਭ ਤੋਂ ਅਹਿਮ ਰਿਹਾ ਹੈ। ਇੱਕ ਪਾਸੇ ਮੇਰੇ ਸਾਰੇ ਪੁਰਸਕਾਰ ਅਤੇ ਦੂਜੇ ਪਾਸੇ ਮੇਰੇ ਬੱਚੇ। ਇੱਕ ਪਾਸੇ ਮੇਰਾ ਪੂਰਾ ਕਰੀਅਰ ਅਤੇ ਦੂਜੇ ਪਾਸੇ ਮੇਰੇ ਬੱਚੇ।’’ ਉਸ ਨੇ ਅੱਗੇ ਕਿਹਾ, ‘‘ਜਦੋਂ ਮੈਂ ਕਹਾਣੀ ਸੁਣੀ ਅਤੇ ਤਾਂ ਪਤਾ ਲੱਗਿਆ ਕਿ ਇਹ ਬਹੁਤ ਸਾਰੀਆਂ ਮਾਵਾਂ ਅਤੇ ਔਰਤਾਂ ’ਤੇ ਬਹੁਤ ਢੁਕਵੀਂ ਹੈ, ਜਿਸ ਕਰ ਕੇ ਮੈਂ ਨਾਂਹ ਨਹੀਂ ਕਰ ਸਕੀ।’’ ਅਦਾਕਾਰਾ ਨੇ ਕਿਹਾ ਕਿ ਇਸ ਸ਼ੋਅ ਦੀ ਹਰੇਕ ਕਿਸ਼ਤ ਕੁਝ ਨਾ ਕੁਝ ਸਿਖਾਉਂਦੀ ਹੈ। ਹਰੇਕ ਕਿਸ਼ਤ ਤੋਂ ਬਾਅਦ ਹਰੇਕ ਲਈ ਇੱਕ ਸੁਨੇਹਾ ਹੈ। ਇਸ ਸੀਰਜ਼ ਵਿੱਚ ਇਮਤਿਹਾਨਾਂ ਦਾ ਤਣਾਅ, ਸਰੋਗੇਸੀ ਤੇ ਔਰਤਾਂ ਦੇ ਹੋਰ ਮਸਲਿਆਂ ਦੀ ਗੱਲ ਕੀਤੀ ਹੈ।