April 28, 2026
#ਮਨੋਰੰਜਨ

ਬੌਲੀਵੁੱਡ ’ਚ ਵੱਧ ਪੈਸੇ ਕਮਾਉਣ ਵਾਲਾ ਹੀ ਸੁਪਰਸਟਾਰ: ਫਰਾਹ

ਫ਼ਿਲਮਸਾਜ਼ ਤੇ ਨ੍ਰਿਤ ਨਿਰਦੇਸ਼ਕਾ ਫਰਾਹ ਖ਼ਾਨ ਇਸ ਨਜ਼ਰੀਏ ਨਾਲ ਸਹਿਮਤ ਨਹੀਂ ਹੈ ਕਿ ਬੌਲੀਵੁੱਡ ਪੁਰਸ਼ ਪ੍ਰਧਾਨ ਸਨਅਤ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਇੱਥੇ ਆਪਣੀ ਕਲਾਕਾਰੀ ਦੇ ਦਮ ’ਤੇ ਵੱਧ ਪੈਸਾ ਕਮਾਉਂਦਾ ਹੈ, ਸੁਪਰਸਟਾਰ ਬਣ ਸਕਦਾ ਹੈ। ਉਹ ਇੱਥੇ ਇਕ ਪੁਸਤਕ ਰਿਲੀਜ਼ ਸਮਾਰੋਹ ਮੌਕੇ ਆਪਣੇ ਵਿਚਾਰ ਪ੍ਰਗਟਾ ਰਹੀ ਸੀ। ਫਰਾਹ ਨੇ ਕਿਹਾ ਕਿ ਬੌਲੀਵੁੱਡ ’ਚ ਤਾਕਤ ਦੇ ਸਮੀਕਰਨ ਲਿੰਗ ਅਧਾਰਿਤ ਨਹੀਂ ਹਨ। ਉਸ ਨੇ ਕਿਹਾ ਕਿ ਫ਼ਿਲਮਾਂ ਨੂੰ ਮੁਲਕ ਦੇ ਲੋਕਾਂ ਦੀ ਸਰਪ੍ਰਸਤੀ ਹੈ, ਇਸ ਲਈ ਉਨ੍ਹਾਂ ਰਾਹੀਂ ਸਭ ਤੈਅ ਹੁੰਦਾ ਹੈ। ਫ਼ਿਲਮ ਸਨਅਤ ਇਹ ਤੈਅ ਨਹੀਂ ਕਰਦੀ। ਮੁਲਕ ਦੇ ਲੋਕ ਹੀ ਫ਼ਿਲਮਾਂ ਦੇਖਦੇ ਹਨ ਤੇ ਨਵੀਂ ਵਿਚਾਰਧਾਰਾ-ਰਵਾਇਤ ਨੂੰ ਜਨਮ ਦਿੰਦੇ ਹਨ। ਫਰਾਹ ਨੇ ਕਿਹਾ ਕਿ ਜਿਸ ਦਿਨ ਔਰਤਾਂ ਨੇ ਵੱਧ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ, ਉਨ੍ਹਾਂ ਨੂੰ ਵੀ ਸੁਪਰਸਟਾਰ ਦਾ ਦਰਜਾ ਮਿਲੇਗਾ। ਇਹ ਇਕ ਕਾਰੋਬਾਰੀ ਮਾਡਲ ਹੈ। ਨਿਰਦੇਸ਼ਕਾ ਨੇ ਆਸ ਪ੍ਰਗਟਾਈ ਕਿ ਕਿਸੇ ਦਿਨ ਲਾਜ਼ਮੀ ਔਰਤਾਂ ਇੰਡਸਟਰੀ ’ਤੇ ਰਾਜ ਕਰਨਗੀਆਂ ਕਿਉਂਕਿ ਪਿਛਲੇ 30 ਸਾਲਾਂ ਵਿਚ ਬਹੁਤ ਕੁਝ ਬਦਲ ਗਿਆ ਹੈ।