April 23, 2026
#ਖੇਡਾਂ

ਬੰਗਲਾਦੇਸ਼ੀ ਕ੍ਰਿਕਟ ਬੋਰਡ ਵਲੋਂ ਬੀ. ਸੀ. ਸੀ. ਆਈ. ਤੋਂ ਏਸ਼ੀਆ ਇਲੈਵਨ ਦੇ ਲਈ 7 ਭਾਰਤੀ ਖਿਡਾਰੀਆਂ ਦੀ ਮੰਗ

ਨਵੀਂ ਦਿੱਲੀ – ਭਾਰਤ ਖਿਲਾਫ ਡੇ-ਨਾਈਟ ਟੈਸਟ ਵਿੱਚ ਬੁਰੀ ਤਰ੍ਹਾਂ ਹਾਰ ਝਲਣ ਦੇ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਚੋਟੀ ਦੇ 7 ਭਾਰਤੀ ਕ੍ਰਿਕਟਰ ਮੰਗੇ ਹਨ| ਜਾਣਕਾਰੀ ਮੁਤਾਬਕ 18 ਤੋਂ 21 ਮਾਰਚ ਨੂੰ ਹੋਣ ਵਾਲੇ ਰੈਸਟ ਆਫ ਵਰਲਡ ਟੀਮ ਦੇ ਖਿਲਾਫ ਦੋ ਕੌਮਾਂਤਰੀ ਟੀ-20 ਮੈਚ ਲਈ ਏਸ਼ੀਆ ਇਲੈਵਨ ਟੀਮ ਵਿੱਚ ਟਾਪ ਦੇ ਭਾਰਤੀ ਖਿਡਾਰੀਆਂ ਦੀ ਜ਼ਰੂਰਤ ਹੈ| ਇਹ ਗੱਲ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਨਿਜ਼ਾਮੁਦੀਨ ਚੌਧਰੀ ਨੇ ਕਹੀ ਹੈ|ਰਿਪੋਰਟ ਦੀ ਮੰਨੀਏ ਤਾਂ ਬੰਗਲਾਦੇਸ਼ ਬੋਰਡ ਨੇ ਬੀ. ਸੀ. ਸੀ. ਆਈ. ਤੋਂ ਐਮ. ਐਸ. ਧੋਨੀ ਤੋਂ ਇਲਾਵਾ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜਡੇਜਾ ਦੀ ਮੰਗ ਕੀਤੀ ਹੈ| ਇਸ ਦੌਰਾਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਧੋਨੀ ਇਸ ਲਈ ਆਪਣੀ ਉਪਲਬਧਤਾ ਦਸਦੇ ਹਨ ਜਾਂ ਨਹੀਂ| ਇਹ ਉਨ੍ਹਾਂ ਤੇ ਹੀ ਨਿਰਭਰ ਕਰੇਗਾ| ਧੋਨੀ ਲੰਬੇ ਸਮੇਂ ਤੋਂ ਟੀਮ ਇੰਡੀਆ ਵਿੱਚੋਂ ਬਾਹਰ ਚਲ ਰਹੇ ਹਨ| ਜੇਕਰ ਬੀ. ਸੀ. ਸੀ. ਆਈ. ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਮੰਨਦਾ ਹੈ ਤਾਂ ਧੋਨੀ ਦੇ ਭਵਿੱਖ ਤੇ ਫੈਸਲਾ ਸਾਹਮਣੇ ਆ ਸਕਦਾ ਹੈ| ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ 9 ਜੁਲਾਈ ਨੂੰ ਨਿਊਜ਼ੀਲੈਂਡ ਤੋਂ ਹਾਰ ਦੇ ਬਾਅਦ ਹੀ ਧੋਨੀ ਦੇ ਭਵਿੱਖ ਤੇ ਚਰਚਾ ਕੀਤੀ ਜਾਣ ਲੱਗੀ ਹੈ|