April 24, 2026
#ਖੇਡਾਂ

ਜਡੇਜਾ ਨੂੰ ਰਨ ਆਊਟ ਦੇਣ ਦੇ ਢੰਗ ਤੋਂ ਕੋਹਲੀ ਖ਼ਫ਼ਾ

ਚੇਨੱਈ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਇੱਥੇ ਰਵਿੰਦਰ ਜਡੇਜਾ ਨੂੰ ਦੇਰ ਨਾਲ ਰਨ ਆਊਟ ਦੇਣ ’ਤੇ ਡਰੈਸਿੰਗ ਰੂਮ ਵਿੱਚ ਨਾਰਾਜ਼ਗੀ ਪ੍ਰਗਟਾਈ। ਇਹ ਘਟਨਾ 48ਵੇਂ ਓਵਰ ਦੀ ਹੈ, ਜਦੋਂ ਜਡੇਜਾ ਨੇ ਤੇਜ਼ੀ ਨਾਲ ਦੌੜ ਲਈ ਅਤੇ ਫੀਲਡਰ ਰੋਸਟਨ ਚੇਜ਼ ਦਾ ਥਰੋਅ ਦੂਜੇ ਪਾਸੇ ਦੀਆਂ ਵਿਕਟਾਂ ’ਤੇ ਵੱਜਿਆ। ਵੈਸਟ ਇੰਡੀਜ਼ ਦੇ ਖਿਡਾਰੀਆਂ ਨੇ ਜ਼ੋਰਦਾਰ ਅਪੀਲ ਨਹੀਂ ਕੀਤੀ ਅਤੇ ਕ੍ਰੀਜ਼ ਤੋਂ ਬਾਹਰ ਰਹਿਣ ਮਗਰੋਂ ਵੀ ਮੈਦਾਨੀ ਅੰਪਾਇਰ ਸ਼ਾਨ ਜਾਰਜ ਨੇ ਜਡੇਜਾ ਨੂੰ ਆਊਟ ਨਹੀਂ ਦਿੱਤਾ। ਵੈਸਟ ਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਮੈਦਾਨ ਵਿੱਚ ਲੱਗੀ ਵੱਡੀ ਸਕ੍ਰੀਨ ’ਤੇ ਰਪੀਲੇਅ ਨੂੰ ਵੇਖਣ ਮਗਰੋਂ ਮੈਦਾਨ ਅੰਪਾਇਰ ਨਾਲ ਸੰਪਰਕ ਕੀਤਾ, ਜਿਸ ਮਗਰੋਂ ਉਸ ਨੇ ਤੀਜੇ ਅੰਪਾਇਰ ਵੱਲ ਇਸ਼ਾਰਾ ਕੀਤਾ। ਤੀਜੇ ਅੰਪਾਇਰ ਨੇ ਜਡੇਜਾ ਨੂੰ ਆਊਟ ਦੇ ਦਿੱਤਾ, ਜਿਸ ਤੋਂ ਕੋਹਲੀ ਨਾਰਾਜ਼ ਦਿਸਿਆ। ਉਸ ਨੇ ਇਸ ਮਗਰੋਂ ਚੌਥੇ ਅੰਪਾਇਰ (ਅਨਿਲ ਚੌਧਰੀ) ਨਾਲ ਗੱਲ ਕੀਤੀ। ਉਹ ਹਾਲਾਂਕਿ ਮੈਦਾਨ ਵਿੱਚ ਨਹੀਂ ਗਿਆ।