May 10, 2026
#ਭਾਰਤ

ਨਿਰਭਯਾ ਕੇਸ ਮਾਮਲੇ ਵਿੱਚ 2 ਦੋਸ਼ੀਆਂ ਵਲੋਂ ਦਾਇਰ ਪਟੀਸ਼ਨ ਤੇ ਸੁਪਰੀਮ ਕੋਰਟ ਵਲੋਂ ਸੁਣਵਾਈ 14 ਨੂੰ

ਨਵੀਂ ਦਿੱਲੀ – 2012 ਦੇ ਨਿਰਭਯਾ ਗੈਂਗਰੇਪ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ 5 ਜੱਜਾਂ ਦੀ ਬੈਂਚ ਮੰਗਲਵਾਰ ਭਾਵ 14 ਜਨਵਰੀ ਨੂੰ ਕਰੇਗਾ| ਜਿਕਰਯੋਗ ਹੈ ਕਿ ਨਿਰਭਯਾ ਦੇ ਦੋ ਦੋਸ਼ੀ ਵਿਨੇ ਸ਼ਰਮਾ ਅਤੇ ਮੁਕੇਸ਼ ਨੇ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੋਈ ਹੈ| ਸੁਪਰੀਮ ਕੋਰਟ ਦੇ 5 ਜੱਜਾਂ ਦੀ ਬੈਂਚ- ਜਸਟਿਸ ਐਨ. ਵੀ. ਰਮਨ, ਅਰੁਣ ਮਿਸ਼ਰਾ, ਆਰ. ਐਫ. ਨੀਰਮਨ, ਆਰ. ਭਾਨੂੰਮਤੀ ਅਤੇ ਅਸ਼ੋਕ ਭੂਸ਼ਣ ਦੋਸ਼ੀਆਂ ਵਲੋਂ ਦਾਇਰ ਕਿਊਰੇਟਿਵ ਪਟੀਸ਼ਨ ਤੇ ਸੁਣਵਾਈ ਕਰੇਗੀ| ਦੱਸਣਯੋਗ ਹੈ ਕਿ 7 ਜਨਵਰੀ 2020 ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਲਈ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ 2 ਦੋਸ਼ੀਆਂ ਨੇ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਸੀ| ਪਟੀਸ਼ਨ ਵਿੱਚ ਦੋਸ਼ੀਆਂ ਨੇ ਫਾਂਸੀ ਦੀ ਸਜ਼ਾ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ| ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ ਨੂੰ 22 ਜਨਵਰੀ 2020 ਨੂੰ ਤਿਹਾੜ ਜੇਲ ਵਿੱਚ ਸਵੇਰੇ 7 ਵਜੇ ਫਾਂਸੀ ਦਿੱਤੀ ਜਾਣੀ ਹੈ| 7 ਸਾਲ ਦੀ ਲੰਬੀ ਉਡੀਕ ਮਗਰੋਂ ਨਿਰਭਯਾ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਪਟਿਆਲਾ ਹਾਊਸ ਕੋਰਟ ਨੇ ਡੈੱਥ ਵਾਰੰਟ ਜਾਰੀ ਕੀਤਾ ਹੈ| ਇੱਥੇ ਦੱਸ ਦੇਈਏ ਕਿ ਨਿਰਭਯਾ ਦੇ 6 ਦੋਸ਼ੀਆਂ ਵਿੱਚੋਂ 4 ਨੂੰ ਫਾਂਸੀ ਦੇ ਫੰਦੇ ਤੇ ਲਟਕਾਇਆ ਜਾਵੇਗਾ| 2 ਦੋਸ਼ੀਆਂ ਵਿੱਚੋਂ ਇਕ ਰਾਮ ਸਿੰਘ ਨੇ ਜੇਲ ਵਿੱਚ ਹੀ ਖੁਦਕੁਸ਼ੀ ਕਰ ਲਈ ਸੀ, ਜਦਕਿ ਇਕ ਨਾਬਾਲਗ ਹੋਣ ਕਰ ਕੇ ਬਾਲ ਸੁਧਾਰ ਘਰ ਵਿੱਚ 3 ਸਾਲ ਦੀ ਸਜ਼ਾ ਪੂਰੀ ਕਰ ਚੁੱਕਾ ਹੈ| 16 ਦਸੰਬਰ 2012 ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ 2013 ਵਿੱਚ ਦੋਸ਼ੀਆਂ ਨੂੰ ਸਾਕੇਤ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ| ਹਾਈ ਕੋਰਟ ਅਤ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ| ਹੁਣ ਦੇਖਣਾ ਇਹ ਹੋਵੇਗਾ ਕਿ ਸੁਪਰੀਮ ਕੋਰਟ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਤੇ ਕੀ ਫੈਸਲਾ ਲੈਂਦਾ ਹੈ|