ਡਾਕਟਰਾਂ ਵੱਲੋਂ ਸੋਨੀਆ ਗਾਂਧੀ ਨੂੰ ਕੁਝ ਸਮੇਂ ਲਈ ਦਿੱਲੀ ਤੋਂ ਬਾਹਰ ਰਹਿਣ ਦੀ ਸਲਾਹ
ਨਵੀਂ ਦਿੱਲੀ – ਦਿੱਲੀ ਵਿੱਚ ਹਵਾ ਪ੍ਰਦੂਸ਼ਣ ਕਾਰਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਛਾਤੀ ਵਿੱਚ ਇਨਫੈਕਸ਼ਨ ਕਾਰਨ ਡਾਕਟਰਾਂ ਨੇ ਕੁਝ ਦਿਨਾਂ ਲਈ ਰਾਸ਼ਟਰੀ ਰਾਜਧਾਨੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ| ਪਾਰਟੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ| ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਕੁਝ ਦਿਨਾਂ ਲਈ ਗੋਆ ਜਾਂ ਚੇਨਈ ਵਿੱਚ ਰਹਿ ਸਕਦੀ ਹੈ| ਸੂਤਰਾਂ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਤੋਂ ਸੋਨੀਆ ਗਾਂਧੀ ਮੈਡੀਕਲ ਨਿਗਰਾਨੀ ਵਿੱਚ ਹੈ ਅਤੇ ਡਾਕਟਰ ਉਨ੍ਹਾਂ ਦੀ ਛਾਤੀ ਵਿੱਚ ਇਨਫੈਕਸ਼ਨ ਦੇ ਲਗਾਤਾਰ ਬਣੇ ਰਹਿਣ ਤੋਂ ਚਿੰਤਤ ਹਨ|ਖਾਸ ਕਰ ਕੇ ਉਨ੍ਹਾਂ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਮੌਜੂਦਾ ਸਥਿਤੀ ਉਨ੍ਹਾਂ ਦੀ ਸਿਹਤ ਦੇ ਪ੍ਰਤੀਕੂਲ ਹੈ| ਕਾਂਗਰਸ ਸੂਤਰਾਂ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਕਾਰਨ ਸੋਨੀਆ ਦੀ ਛਾਤੀ ਵਿੱਚ ਇਨਫੈਕਸ਼ਨ ਅਤੇ ਅਸਥਮਾ ਵਧ ਗਿਆ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨਾਂ ਲਈ ਦਿੱਲੀ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਹੈ| ਸੋਨੀਆ ਅਜਿਹੇ ਸਮੇਂ ਦਿੱਲੀ ਤੋਂ ਬਾਹਰ ਜਾ ਰਹੀ ਹੈ, ਜਦੋਂ ਬਿਹਾਰ ਚੋਣਾਂ ਵਿੱਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਦੇ ਅੰਦਰੋਂ ਹੀ ਆਤਮਚਿੰਤਨ ਦੀ ਮੰਗ ਉੱਠ ਰਹੀ ਹੈ| ਕਾਂਗਰਸ ਪ੍ਰਧਾਨ 30 ਜੁਲਾਈ ਨੂੰ ਸਰ ਗੰਗਾਰਾਮ ਹਸਪਤਾਲ ਵਿੱਚ ਦਾਖ਼ਲ ਹੋਈ ਸੀ, ਜਿੱਥੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲੀ ਸੀ| ਫਿਰ 12 ਸਤੰਬਰ ਨੂੰ ਉਹ ਆਪਣੀ ਨਿਯਮਿਤ ਮੈਡੀਕਲ ਜਾਂਚ ਲਈ ਵਿਦੇਸ਼ ਗਈ ਸੀ ਅਤੇ ਉਨ੍ਹਾਂ ਨਾਲ ਪੁੱਤਰ ਰਾਹੁਲ ਗਾਂਧੀ ਵੀ ਗਏ ਸਨ| ਇਸ ਕਾਰਨ ਦੋਵੇਂ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ|






