April 30, 2026
#ਪ੍ਰਮੁੱਖ ਖ਼ਬਰਾਂ #ਭਾਰਤ

ਭਾਰਤ ਦਾ ਵਿਕਾਸ ਸਹਿਯੋਗ ਸ਼ਰਤਾਂ ’ਤੇ ਆਧਾਰਿਤ ਨਹੀਂ: ਜੈਸ਼ੰਕਰ

ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਦਾ ਵਿਕਾਸ ਲਈ ਹੋਰਨਾਂ ਭਾਈਵਾਲ ਮੁਲਕਾਂ ਨਾਲ ਮੇਲ-ਮਿਲਾਪ ਮੁਕਾਬਲੇਬਾਜ਼ੀ ਜਾਂ ਸ਼ਰਤਾਂ ’ਤੇ ਨਹੀਂ, ਬਲਕਿ ਬਰਾਬਰੀ, ਪ੍ਰਭੂਸੱਤਾ ਲਈ ਇਕ ਦੂਜੇ ਦਾ ਸਤਿਕਾਰ ਅਤੇ ਇੱਛਾ ਅਨੁਸਾਰ ਚੋਣ ’ਤੇ ਆਧਾਰਿਤ ਹੈ। ਵਿਦੇਸ਼ ਮੰਤਰੀ ਭਾਰਤ ਦੇ ਵਿਕਾਸ ਭਾਈਵਾਲੀ ਪ੍ਰੋਗਰਾਮ, ਭਾਰਤੀ ਤਕਨੀਕੀ ਤੇ ਆਰਥਿਕ ਸਹਿਯੋਗ (ਆਈਟੀਈਸੀ) ਦੇ 55 ਸਾਲ ਪੂਰੇ ਹੋਣ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਂਜ, ਵਿਦੇਸ਼ ਮੰਤਰੀ ਨੇ ਕੁੱਲ ਆਲਮ ਦੇ ਦੱਖਣੀ ਮੁਲਕਾਂ ਨੂੰ ਭਾਰਤ ਦੇ ਅਹਿਮ ਭਾਈਵਾਲ ਦੱਸਿਆ।ਸ੍ਰੀ ਜੈਸ਼ੰਕਰ ਨੇ ਕਿਹਾ, ‘ਅਸੀਂ ਇਕੱਠਿਆਂ ਮਿਲ ਕੇ ਵਿਸ਼ਵ ਦੇ ਕੁੱਲ 6.3 ਅਰਬ ਲੋਕਾਂ ਦੀਆਂ ਖ਼ਾਹਿਸ਼ਾਂ ਦੀ ਨੁਮਾਇੰਦਗੀ ਕਰਦੇ ਹਾਂ। ਸਾਡੇ ਵਿੱਚੋਂ ਬਹੁਤਿਆਂ ਦੇ ਇਤਿਹਾਸਕ ਰਿਸ਼ਤੇ (ਫਿਰ ਚਾਹੇ ਇਹ ਵਣਜ ਜਾਂ ਸਭਿਆਚਾਰ ਰਾਹੀਂ ਹੋਣ) ਹਨ, ਸਦੀਆਂ ਪੁਰਾਣੇ ਹਨ। ਸਾਡੇ ਵੱਡੇ-ਵਡੇਰਿਆਂ ਨੇ ਬਸਤੀਵਾਦੀ ਬੰਧੇਜ ਖ਼ਿਲਾਫ਼ ਮਿਲ ਕੇ ਸੰਘਰਸ਼ ਕੀਤਾ ਸੀ। ਅੱਜ ਸਾਡਾ ਕੁੱਲ ਮਿਲਾ ਕੇ ਦੁਵੱਲਾ ਵਪਾਰ ਲਗਪਗ 220 ਅਰਬ ਅਮਰੀਕੀ ਡਾਲਰ ਨੂੰ ਜਾ ਪੁੱਜਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਵਿਚ ਵਿਕਾਸ ਸਹਿਯੋਗ ਦੀ ਕੇਂਦਰੀ ਭੂਮਿਕਾ ਹੈ ਤੇ ਭਾਰਤ ਭਰੋਸੇਯੋਗ ਵਿਕਾਸ ਭਾਈਵਾਲ ਵਜੋਂ ਵਿਚਰਨ ਲਈ ਵਚਨਬੱਧ ਹੈ।