April 30, 2026
#ਦੇਸ਼ ਦੁਨੀਆਂ

‘ਰਾਏਸ਼ੁਮਾਰੀ 2020’ ਭਾਰਤ ਵੱਲੋਂ ਫਰਜ਼ੀ ਮੁੱਦਾ ਕਰਾਰ

ਵਾਸ਼ਿੰਗਟਨ – ਭਾਰਤ ਨੇ ‘ਰਾਏਸ਼ੁਮਾਰੀ 2020’ ਨੂੰ ਫਰਜ਼ੀ ਮੁੱਦਾ ਕਰਾਰ ਦਿੰਦਿਆਂ ਕਿਹਾ ਹੈ ਕਿ ਖਾਲਿਸਤਾਨ ਪੱਖੀ ਕੁਝ ਸਿੱਖਾਂ ਵੱਲੋਂ ਹੀ ਇਸ ਨੂੰ ਉਭਾਰਿਆ ਜਾ ਰਿਹਾ ਹੈ। ਭਾਰਤ ਨੇ ਕਿਹਾ ਹੈ ਕਿ ਇਹ ਅਨਸਰ ਪਾਕਿਸਤਾਨ ਦੇ ਏਜੰਟ ਹਨ, ਜੋ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ।ਭਾਰਤ ਦੇ ਅਮਰੀਕਾ ’ਚ ਸਫ਼ੀਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਸਿੱਖਾਂ ਤੋਂ ਅਜਿਹੇ ਅਨਸਰਾਂ ਨੂੰ ‘ਮਾਮੂਲੀ ਹਮਾਇਤ’ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਗੁੱਟ ਨਿਰਾਸ਼ ਹੋ ਕੇ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੀਨੀਅਰ ਭਾਰਤੀ ਸਫ਼ੀਰ ਨੇ ‘ਰਾਏਸ਼ੁਮਾਰੀ 2020’ ਖ਼ਿਲਾਫ਼ ਖੁੱਲ੍ਹ ਕੇ ਬਿਆਨ ਦਿੱਤਾ ਹੈ। ਖਾਲਿਸਤਾਨ ਬਣਾਉਣ ਨੂੰ ਲੈ ਕੇ ਵੱਖਵਾਦੀ ਸਿੱਖਾਂ ਵੱਲੋਂ ‘ਰਾਏਸ਼ੁਮਾਰੀ 2020’ ਨੂੰ ਹਮਾਇਤ ਦਿੱਤੀ ਜਾ ਰਹੀ ਹੈ। ਬਾਲਟੀਮੋਰ ਦੇ ਗੁਰਦੁਆਰੇ ’ਚ ਮੱਥਾ ਟੇਕਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਰਾਏਸ਼ੁਮਾਰੀ ਦੇ ਪ੍ਰਬੰਧਕ ਕੁਝ ਲੋਕ ਹਨ। ਕਥਿਤ ਰਾਏਸ਼ੁਮਾਰੀ 2020 ਫਰਜ਼ੀ ਮੁੱਦਾ ਹੈ। ਮੈਨੂੰ ਜਾਪਦਾ ਹੈ ਕਿ ਇਹ ਬੀਤੇ ਦੀ ਗੱਲ ਹੋ ਜਾਵੇਗੀ।’’ ਉਨ੍ਹਾਂ ਅਮਰੀਕਾ ਅਤੇ ਭਾਰਤ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਚ ਸਿੱਖਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਬਹੁ-ਗਿਣਤੀ ਨਾਲ ਉਹ ਕੰਮ ਕਰਨਾ ਜਾਰੀ ਰਖਣਗੇ ਅਤੇ ਨਫ਼ਰਤ ਪੈਦਾ ਕਰਨ ਵਾਲੇ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨਗੇ।
ਦਸਤਾਰ ਅਤੇ ਸਫ਼ੈਦ ਕੁੜਤੇ-ਪਜਾਮੇ ’ਚ ਸਜੇ ਸਫ਼ੀਰ ਨੇ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਗੁਰਦੁਆਰਾ ਅਤੇ ਸਿੱਖਸ ਆਫ਼ ਅਮਰੀਕਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸਿੱਖਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਕਈ ਕਦਮ ਉਠਾਏ ਹਨ ਅਤੇ ਹੁਣ ਕੋਈ ਵੀ ਮੁੱਦਾ ਬਾਕੀ ਨਹੀਂ ਰਿਹਾ ਹੈ।