ਪੀਵੀ ਸਿੰਧੂ ਫਰੈਂਚ ਓਪਨ ’ਚੋਂ ਬਾਹਰ
ਮੌਜੂਦਾ ਵਿਸ਼ਵ ਚੈਂਪੀਅਨ ਅਤੇ ਸੀਨੀਅਰ ਭਾਰਤੀ ਸ਼ਟਲਰ ਪੀਵੀ ਸਿੰਧੂ ਫਰੈਂਚ ਓਪਨ ਬੈਡਮਿੰਟਨ ਦੇ ਤਿੰਨ ਸੈੱਟ ਤੱਕ ਚੱਲੇ ਕੁਆਰਟਰ ਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਚੀਨੀ ਤਾਇਪੈ ਦੀ ਤਾਇ ਜ਼ੂ ਯਿੰਗ ਤੋਂ ਹਾਰ ਕੇ ਸਾਢੇ ਸੱਤ ਲੱਖ ਡਾਲਰ ਇਨਾਮੀ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ’ਚੋਂ ਬਾਹਰ ਹੋ ਗਈ। ਪੰਜਵਾਂ ਦਰਜਾ ਪ੍ਰਾਪਤ ਭਾਰਤੀ ਨੂੰ ਦੁਨੀਆਂ ਦੀ ਅੱਵਲ ਨੰਬਰ ਖਿਡਾਰਨ ਤੋਂ ਇੱਕ ਘੰਟਾ 15 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 16-21, 26-24, 17-21 ਨਾਲ ਹਾਰ ਝੱਲਣੀ ਪਈ।ਇਹ ਦਸਵੀਂ ਵਾਰ ਹੈ, ਜਦੋਂ ਸਿੰਧੂ ਨੂੰ ਚੀਨੀ ਤਾਇਪੈ ਦੀ ਸ਼ਟਲਰ ਜ਼ੂ ਯਿੰਗ ਤੋਂ ਹਾਰ ਮਿਲੀ ਹੈ। ਇਸ ਨਾਲ ਚੀਨੀ ਤਾਇਪੈ ਦੀ ਖਿਡਾਰਨ ਦਾ ਸੀਨੀਅਰ ਭਾਰਤੀ ਸ਼ਟਲਰ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 10-5 ਹੋ ਗਿਆ ਹੈ।ਸਿੰਧੂ ਨੇ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਯਿੰਗ ਨੂੰ ਆਖ਼ਰੀ ਵਾਰ ਅਗਸਤ ਮਹੀਨੇ ਹਰਾਇਆ ਸੀ, ਜਦੋਂ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਹਾਸਲ ਕੀਤਾ ਸੀ। 24 ਸਾਲ ਦੀ ਭਾਰਤੀ ਸ਼ਟਲਰ ਨੇ 2016 ਓਲੰਪਿਕ ਦੌਰਾਨ ਵੀ ਜ਼ੂ ਯਿੰਗ ਨੂੰ ਸ਼ਿਕਸਤ ਦਿੱਤੀ ਸੀ ਅਤੇ ਫਿਰ ਬੀਤੇ ਸਾਲ ਵਿਸ਼ਵ ਟੂਰ ਫਾਈਨਲਜ਼ ਵਿੱਚ ਮਹਿਲਾਵਾਂ ਦੀ ਅੱਵਲ ਨੰਬਰ ਖਿਡਾਰਨ ਨੂੰ ਸ਼ਿਕਸਤ ਦਿੱਤੀ ਸੀ। ਦੁਨੀਆਂ ਦੀ ਛੇਵੇਂ ਨੰਬਰ ਦੀ ਖਿਡਾਰਨ ਸਿੰਧੂ ਦੀ ਬਾਸੇਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬੀ ਜਿੱਤ ਮਗਰੋਂ ਇਹ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਵਿੱਚ ਲਗਾਤਾਰ ਚੌਥੀ ਹਾਰ ਹੈ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਬੀਤੇ ਮਹੀਨੇ ਕੋਰੀਆ ਓਪਨ ਦੇ ਪਹਿਲੇ ਗੇੜ ਵਿੱਚੋਂ ਹੀ ਬਾਹਰ ਹੋ ਗਈ ਸੀ। ਇਸ ਮਗਰੋਂ ਉਹ ਚਾਈਨਾ ਓਪਨ ਅਤੇ ਡੈੱਨਮਾਰਕ ਓਪਨ ਦੇ ਦੂਜੇ ਗੇੜ ਤੋਂ ਅੱਗੇ ਨਹੀਂ ਵਧ ਸਕੀ।






