ਕਰਨਾਟਕ ਦੇ ਸਾਬਕਾ ਮੰਤਰੀ ਵੈਜਨਾਥ ਪਾਟਿਲ ਦਾ ਦਿਹਾਂਤ
ਬੈਂਗਲੁਰੂ – ਕਰਨਾਟਕ ਦੇ ਸਾਬਕਾ ਮੰਤਰੀ ਵੈਜਨਾਥ ਪਾਟਿਲ ਦਾ ਅੱਜ ਦਿਹਾਂਤ ਹੋ ਗਿਆ| ਉਹ 82 ਸਾਲ ਦੇ ਸਨ| ਲੰਬੀ ਬੀਮਾਰੀ ਕਾਰਨ ਉਨ੍ਹਾਂ ਨੂੰ ਬੈਂਗਲੁਰੂ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ| ਪਾਟਿਲ ਨੇ 1984 ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਰਾਮਕ੍ਰਿਸ਼ਨ ਹੇਗੜੇ ਦੀ ਕੈਬਨਿਟ ਵਿਚ ਬਾਗਬਾਨੀ ਮੰਤਰੀ ਦੇ ਰੂਪ ਵਿਚ ਕੰਮ ਕੀਤਾ ਸੀ| ਸਾਲ 1994 ਵਿੱਚ ਐੱਚ. ਡੀ. ਦੇਵਗੌੜਾ ਕੈਬਨਿਟ ਵਿਚ ਸ਼ਹਿਰੀ ਵਿਕਾਸ ਵਿਭਾਗ ਦਾ ਪੋਰਟਫੋਲੀਓ ਸੰਭਾਲਿਆ ਸੀ| ਪਾਟਿਲ ਨੇ ਸਭ ਤੋਂ ਪਿਛੜੇ ਖੇਤਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਲੜਾਈ ਲੜੀ ਅਤੇ ਸੰਵਿਧਾਨ ਵਿੱਚ ਸੋਧ ਕਰਵਾ ਕੇ 370 (ਜੇ) ਤਹਿਤ ਵਿਸ਼ੇਸ਼ ਦਰਜਾ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ| ਪਾਟਿਲ ਕਈ ਅੰਦੋਲਨਾਂ ਵਿਚ ਸਭ ਤੋਂ ਮੋਹਰੇ ਰਹੇ ਸਨ| ਕਰਨਾਟਕ ਦੇ ਬੀਦਰ ਦੇ ਰਹਿਣ ਵਾਲੇ ਵੈਜਨਾਥ ਪਾਟਿਲ ਕੁਝ ਸਮੇਂ ਬਾਅਦ ਕਲਾਬੁਰਾਗੀ ਜ਼ਿਲੇ ਦੇ ਚਿੰਚੋਲੀ ਵਿਚ ਵੱਸ ਗਏ ਸਨ| ਸੂਤਰਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਚਿੰਚੋਲੀ ਵਿੱਚ ਕੀਤਾ ਜਾਵੇਗਾ|






