‘ਆਰਸੀਈਪੀ’ ਰਾਹੀਂ ਭਾਰਤ ਵਿਆਪਕ ਤੇ ਬਰਾਬਰ ਲਾਭ ਦੇ ਹੱਕ ’ਚ: ਮੋਦੀ
ਬੈਂਕਾਕ – ਲੰਮੇ ਸਮੇਂ ਤੋਂ ਲਟਕ ਰਹੇ ਵਿਆਪਕ ਖੇਤਰੀ ਆਰਥਿਕ ਭਾਈਵਾਲੀ (ਆਰਸੀਈਪੀ) ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੀਤਾ ਜਾ ਰਿਹਾ ਤਾਲਮੇਲ ਆਖ਼ਰੀ ਗੇੜ ’ਚ ਦਾਖ਼ਲ ਹੋ ਗਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਸਪੱਸ਼ਟ ਰੂਪ ’ਚ ‘ਵਾਜਬ ਤਜਵੀਜ਼ਾਂ’ ਰੱਖੀਆਂ ਹਨ ਤੇ ‘ਪੂਰੀ ਗੰਭੀਰਤਾ’ ਨਾਲ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਭਾਰਤ ਇਸ ਪੱਖ ਤੋਂ ਸਪੱਸ਼ਟ ਹੈ ਕਿ ਆਰਸੀਈਪੀ ਤੋਂ ਸਾਰਿਆਂ ਨੂੰ ਬਣਦਾ ਲਾਭ ਮਿਲੇ। ਇਹੀ ਭਾਰਤ ਅਤੇ ਸਮਝੌਤੇ ਵਿਚ ਹਿੱਸੇਦਾਰ ਬਾਕੀ ਮੁਲਕਾਂ ਦੇ ਹਿੱਤ ਵਿਚ ਹੈ। ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦਾ ਸਿਖ਼ਰ ਸੰਮੇਲਨ ‘ਆਸੀਆਨ’ ਅੱਜ ਤੋਂ ਬੈਂਕਾਕ ਵਿਚ ਸ਼ੁਰੂ ਹੋ ਗਿਆ ਹੈ। ਮਿਆਂਮਾਰ, ਬਰੂਨੇਈ, ਕੰਬੋਡੀਆ, ਫਿਲੀਪਾਈਨਜ਼, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਤੇ ਵੀਅਤਮਾਨ ਇਸ ਦੇ ਮੈਂਬਰ ਹਨ ਜਦਕਿ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਆਸਟਰੇਲੀਆ ਤੇ ਨਿਊਜ਼ੀਲੈਂਡ ਸਹਿਯੋਗੀ ਹਨ। ਦੱਸਣਯੋਗ ਹੈ ਕਿ ‘ਆਸੀਆਨ’ ਦੇ ਮੈਂਬਰ ਮੁਲਕ ਤੇ ਸਹਿਯੋਗੀ ਦੇਸ਼ਾਂ ਦੇ ਅਧਿਕਾਰੀ ਸਮਝੌਤੇ ਨੂੰ ਆਖ਼ਰੀ ਰੂਪ ਦੇਣ ਵਿਚ ਰੁੱਝੇ ਹੋਏ ਹਨ ਤੇ ਇਸ ਸਮੂਹ ਦੇ ਸਿਖ਼ਰ ਸੰਮੇਲਨ ਮੌਕੇ ਸੋਮਵਾਰ ਨੂੰ ਸਮਝੌਤਾ ਸਹੀਬੱਧ ਕੀਤੇ ਜਾਣ ਦੇ ਪੂਰੇ ਆਸਾਰ ਹਨ। ਬੈਂਕਾਕ ਦੇ ਇਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿਚ ਮੋਦੀ ਨੇ ਕਿਹਾ ਕਿ ਇਸ ਸਮਝੌਤੇ ਰਾਹੀਂ ਵਿਆਪਕ ਤੇ ਬਰਾਬਰ ਲਾਭ ਪ੍ਰਤੀ ਭਾਰਤ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਵਸਤਾਂ, ਸੇਵਾਵਾਂ ਤੇ ਨਿਵੇਸ਼ ’ਚ ਤਵਾਜ਼ਨ ਚਾਹੁੰਦਾ ਹੈ। ਮੋਦੀ ਨੇ ਕਿਹਾ ਕਿ ਭਾਰਤ ਦਾ ਫ਼ਿਕਰ ਬੇਕਾਬੂ ਵਪਾਰ ਘਾਟੇ ਨਾਲ ਜੁੜਿਆ ਹੋਇਆ ਹੈ ਤੇ ਇਸ ਗੱਲ ਨੂੰ ਸਵੀਕਾਰ ਕਰਨ ਦੀ ਲੋੜ ਹੈ ਕਿ ਭਾਰਤ ਦਾ ਵੱਡਾ ਬਜ਼ਾਰ ਖੁੱਲ੍ਹਣ ਦਾ ਫਾਇਦਾ ਸਥਾਨਕ ਕਾਰੋਬਾਰਾਂ ਨੂੰ ਵੀ ਹੋਣਾ ਚਾਹੀਦਾ ਹੈ ਤੇ ਮੌਕੇ ਪੈਦਾ ਹੋਣੇ ਚਾਹੀਦੇ ਹਨ। ‘ਆਸੀਆਨ’ ਸੰਮੇਲਨ ਵਿਚ ਸੁਰੱਖਿਆ, ਵਪਾਰ, ਨਿਵੇਸ਼ ਤੇ ਪ੍ਰਦਸ਼ੂਣ ਨਾਲ ਨਜਿੱਠਣ ਜਿਹੇ ਮੁੱਦਿਆਂ ਦੇ ਅਹਿਮ ਰਹਿਣ ਦੀ ਸੰਭਾਵਨਾ ਹੈ।






