February 5, 2025
#ਪੰਜਾਬ

ਕਪੂਰਥਲਾ ਪੁਲਿਸ ਵੱਲੋਂ 25 ਕਰੋੜ ਦੀ ਹੈਰੋਇਨ ਸਮੇਤ ਨਾਈਜੀਰੀਅਨ ਮਹਿਲਾ ਕਾਬੂ

ਕਪੂਰਥਲਾ – ਜ਼ਿਲ੍ਹਾ ਪੁਲਿਸ ਵੱਲੋਂ 5 ਕਿੱਲੋਂ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ, ਇੰਸਪੈਕਟਰ ਹਰਮੀਕ ਸਿੰਘ ਅਤੇ ਏਐੱਸਆਈ ਪਰਮਜੀਤ ਸਿੰਘ ਸੀਆਈਏ ਫਗਵਾੜਾ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਸਪਰੋੜ ਜੀਟੀ ਰੋਡ ਸਲਿਪ ਰੋਡ ਫਗਵਾੜਾ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਕਰੀਬ 6 ਵਜੇ ਇਕ ਔਰਤ ਜੋ ਜੀਟੀ ਰੋਡ ‘ਤੇ ਖੜ੍ਹੀ ਸੀ, ਪੁਲਿਸ ਨੂੰ ਦੇਖ ਕੇ ਜਲੰਧਰ ਵੱਲ ਨੂੰ ਤੁਰ ਪਈ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਪ੍ਰੀਸ਼ੀਅਸ ਪੁੱਤਰੀ ਕੇਹੀ ਵਾਸੀ ਬੇਮੁਮੂਬਾ, ਕੈਮਰੂਨ ਹਾਲ ਵਾਸੀ ਚੰਦਨ ਵਿਹਾਰ ਦਿੱਲੀ ਦੱਸਿਆ, ਜਿਸ ਦੇ ਗਲੇ ਵਿਚ ਪਾਏ ਬੈਗ ‘ਤੇ ‘ਐਕਸਕਲੂਸਿਵ-3’ ਲਿਖਿਆ ਹੋਇਆ ਸੀ। ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ 5 ਕਿੱਲੋਂ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 25 ਕਰੋੜ ਰੁਪਏ ਹੈ। ਮੁਲਜ਼ਮ ਔਰਤ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਦਰ ਫਗਵਾੜਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਉਹ ਆਪਣੇ ਪਾਸਪੋਰਟ ਨੰਬਰ 01769738 ‘ਤੇ ਬਿਜਨੈੱਸ ਵੀਜ਼ਾ ‘ਤੇ ਭਾਰਤ ਆਈ ਹੈ। ਉਹ ਪਹਿਲਾਂ ਵੀ ਪੰਜਾਬ ਆ ਚੁੱਕੀ ਹੈ ਅਤੇ ਹੁਣ ਸਪਰੋੜ ਦੇ ਨਜ਼ਦੀਕ ਹੈਰੋਇਨ ਦੀ ਖੇਪ ਸਪਲਾਈ ਕਰਨ ਆ ਰਹੀ ਸੀ, ਨੂੰ ਕਾਬੂ ਕੀਤਾ ਗਿਆ ਹੈ, ਜਿਸ ਪਾਸੋਂ ਹੋਰ ਵੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸਪੀ-ਡੀ ਮਨਪ੍ਰੀਤ ਸਿੰਘ ਢਿੱਲੋਂ, ਡੀਐੱਸਪੀ-ਡੀ ਵਿਸ਼ਾਲਜੀਤ ਸਿੰਘ, ਡੀਐੱਸਪੀ ਫਗਵਾੜਾ ਸੁਰਿੰਦਰ ਚਾਂਦ ਵੀ ਉਨ੍ਹਾਂ ਨਾਲ ਸਨ।