ਅਮਾਨਤ ਫਾਊਂਡੇਸ਼ਨ ਟਰੱਸਟ ਵੱਲੋਂ ਭੇਜੇ ਮਰੀਜ਼ਾਂ ਨੂੰ ਡੀ ਐਮ ਸੀ ‘ਚ ਮਿਲੇਗੀ 20% ਛੋਟ : ਗਗਨਦੀਪ ਢੀਂਡਸਾ
ਲਹਿਰਾਗਾਗਾ – ਢੀਂਡਸਾ ਪਰਿਵਾਰ ਦੇ “ਅਮਾਨਤ ਫਾਊਂਡੇਸ਼ਨ ਟਰੱਸਟ “ ਵੱਲੋਂ ਡੀ ਐਮ ਸੀ ਅਤੇ ਹੀਰੋ ਡੀ ਐਮ ਸੀ ਹਸਪਤਾਲ ਵਿੱਚ ਭੇਜੇ ਗਏ ਮਰੀਜਾਂ ਨੂੰ ਹਸਪਤਾਲ ਵਿੱਚ 20% ਛੂਟ ਮਿਲੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਸਤਰੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਅਮਾਨਤ ਫਾਊਂਡੇਸ਼ਨ ਟਰੱਸਟ ਦੀ ਚੇਅਰਪਰਸਨ ਬੀਬੀ ਗਗਨਦੀਪ ਕੌਰ ਢੀਂਡਸਾ ਨੇ ਮੈਡੀਕਲ ਕੈਂਪ ਵਿੱਚ ਪਹੁੰਚੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਗੁਰਪ੍ਰੀਤ ਸਿੰਘ ਵਾਂਡਰ ਤੋਂ ਅਮਾਨਤ ਫਾਊਂਡੇਸ਼ਨ ਟਰੱਸਟ ਵੱਲੋਂ ਡੀ ਐਮ ਸੀ ਅਤੇ ਹੀਰੋ ਡੀ ਐਮ ਸੀ ਹਸਪਤਾਲ ਵਿੱਚ ਭੇਜੇ ਗਏ ਮਰੀਜਾਂ ਨੂੰ 20% ਛੂਟ ਮਿਲਣ ਸੰਬੰਧੀ ਹਸਪਤਾਲ ਦਾ ਪ੍ਰਵਾਨਗੀ ਪੱਤਰ ਪ੍ਰਾਪਤ ਕਰਨ ਉਪਰੰਤ ਪੰਜਾਬ ਟਾਇਮਜ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਬੀਬੀ ਗਗਨਦੀਪ ਕੌਰ ਢੀਂਡਸਾ ਨੇ ਡੀ ਐੱਮ ਸੀ ਦੀ ਸਮੁੱਚੀ ਮੈਨੇਜਮੈਂਟ ਅਤੇ ਡਾ.ਵਾਂਡਰ ਦਾ ਉਕਤ ਉੱਦਮ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ । ਬੀਬੀ ਢੀਂਡਸਾ ਨੇ ਦੱਸਿਆ ਕਿ ਬੇਟੀ ਅਮਾਨਤ ਦੇ ਨਾਮ ਤੇ ਢੀਂਡਸਾ ਪਰਿਵਾਰ ਵੱਲੋਂ ਬਣਾਏ ਗਏ “ ਅਮਾਨਤ ਫਾਊਂਡੇਸ਼ਨ ਟਰੱਸਟ “ ਵੱਲੋਂ ਰਾਜਨੀਤੀ ਤੋਂ ਹਟਕੇ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਉੱਦਮ ਲਗਾਤਾਰ ਜਾਰੀ ਰਹਿਣਗੇ । ਹਲਕਾ ਲਹਿਰਾ ਅੰਦਰ ਫਾਊਂਡੇਸ਼ਨ ਵੱਲੋਂ 21 ਮਾਰਚ ਨੂੰ ਕੁੱਖ ਬਚਾਓ ਰੁੱਖ ਲਗਾਉ ਮੁਹਿੰਮ ਦੀ ਸ਼ੁਰੂਆਤ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਅਕਾਲੀ ਬਾਬਾ ਫੂਲਾ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਨ ਉਪਰੰਤ 1000 ਦੇ ਕਰੀਬ ਬੂਟੇ ਲਗਾ ਕੇ ਕੀਤੀ ਗਈ ਸੀ । ਇਸ ਤੋਂ ਇਲਾਵਾ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਲਈ ਸਪੋਰਟਸ ਚੇਜਿੰਗ ਰੂਮ , ਅਲੱਗ ਬਾਥਰੂਮ ਅਤੇ ਆਰ ਓ ਸਿਸ਼ਟਮ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ । ਫਾਊਂਡੇਸ਼ਨ ਵੱਲੋਂ ਹਲਕਾ ਲਹਿਰਾ ਦੇ ਸ਼ਹਿਰ ਮੂਣਕ ਅਤੇ ਖਨੌਰੀ ਵਿਖੇ ਵੀ ਮੈਡੀਕਲ ਕੈਂਪ ਲਗਾਏ ਜਾਣਗੇ । ਇਸ ਮੌਕੇ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਬੀਬੀ ਪਰਮਜੀਤ ਕੌਰ ਭੰਗੂ ਮੈਂਬਰ ਅੰਤ੍ਰਿੰਗ ਕਮੇਟੀ, ਸ੍ਰੀਮਤੀ ਸੁਨੀਤਾ ਸ਼ਰਮਾ ਜਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ ,ਪ੍ਰੀਤਮਹਿੰਦਰ ਸਿੰਘ ਪਿਸ਼ੌਰ ਸਰਕਲ ਪ੍ਰਧਾਨ, ਧਰਮਜੀਤ ਸਿੰਘ ਸੰਗਤਪੁਰਾ ਕੋਰ ਕਮੇਟੀ ਮੈਂਬਰ, ਜਸਪਾਲ ਸਿੰਘ ਦੇਹਲਾ ਸਾਬਕ ਚੇਅਰਮੈਨ ਅਤੇ ਸ੍ਰੀਮਤੀ ਸੰਦੀਪ ਕੌਰ ਸਾਬਕਾ ਪ੍ਰਧਾਨ ਨਗਰ ਕੌਂਸਲ ਲਹਿਰਾ ਆਦਿ ਹਾਜਰ ਸਨ।