ਕੈਪਟਨ ਵੱਲੋਂ ਔਰਤਾਂ ਨੂੰ ਰਾਤ ਸਮੇਂ ਘਰ ਪਹੁੰਚਾਉਣ ਲਈ ਮੁਫਤ ਪੁਲਿਸ ਸਹਾਇਤਾ ਦਾ ਐਲਾਨ
![](https://blastingskyhawk.com/wp-content/uploads/2019/12/1-1.jpg)
ਸੇਵਾ ਰਾਤ 9 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ ਉਪਲੱਬਧ ਹੋਵੇਗੀ
ਚੰਡੀਗੜ੍ਹ – ਔਰਤਾਂ ਦੀ ਸੁਰੱਖਿਆ ਪ੍ਰਤੀ ਵਧ ਰਹੀ ਫਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁੱਕਵਾਂ ਸਾਧਨ ਨਾ ਮਿਲਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲੀਸ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਸੂਬਾ ਭਰ ਵਿੱਚ ਇਹ ਸਹੂਲਤ 100, 112 ਅਤੇ 181 ਨੰਬਰ ‘ਤੇ ਮੌਜੂਦ ਹੋਵੇਗੀ ਜਿਨ੍ਹਾਂ ਰਾਹੀਂ ਸੰਪਰਕ ਕਰਨ ਵਾਲੀ ਮਹਿਲਾ ਤੁਰੰਤ ਪੁਲੀਸ ਕੰਟਰੋਲ ਰੂਮ (ਪੀ.ਸੀ.ਆਰ.) ਨਾਲ ਜੁੜ ਜਾਵੇਗੀ। ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਸੁਵਿਧਾ ਸੂਬਾ ਭਰ ਵਿੱਚ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਘਰੋਂ ਲਿਜਾਣ ਅਤੇ ਛੱਡਣ ਦੀ ਸੁਵਿਧਾ ਉਨ੍ਹਾਂ ਮਹਿਲਾਵਾਂ ਨੂੰ ਹਾਸਲ ਹੋਵੇਗੀ, ਜਿਨ੍ਹਾਂ ਦੀ ਟੈਕਸੀ ਜਾਂ ਥ੍ਰੀ-ਵ੍ਹੀਲਰ ਵਰਗੇ ਸੁਰੱਖਿਅਤ ਵਾਹਨ ਤੱਕ ਪਹੁੰਚ ਨਾ ਹੋਵੇ। ਔਰਤ ਵਿੱਚ ਸੁਰੱਖਿਆ ਦੀ ਭਾਵਨਾ ਵਜੋਂ ਮੁੱਖ ਮੰਤਰੀ ਨੇ ਹੁਕਮ ਦਿੱਤੇ ਕਿ ਆਵਾਜਾਈ ਦੌਰਾਨ ਸਬੰਧਤ ਔਰਤ ਨਾਲ ਘੱਟੋ-ਘੱਟ ਇਕ ਮਹਿਲਾ ਪੁਲੀਸ ਅਫ਼ਸਰ ਜ਼ਰੂਰ ਹੋਣੀ ਚਾਹੀਦੀ ਹੈ। ਡੀ.ਜੀ.ਪੀ. ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਮੁਹਾਲੀ, ਪਟਿਆਲਾ ਅਤੇ ਬਠਿੰਡਾ ਸਮੇਤ ਹੋਰ ਵੱਡੇ ਸ਼ਹਿਰਾਂ ਵਿੱਚ ਪੁਲੀਸ ਹੈੱਡਕੁਆਟਰਾਂ ‘ਤੇ ਸਮਰਪਿਤ ਪੀ.ਸੀ.ਆਰ. ਵਾਹਨ ਮੌਜੂਦ ਹੋਣਗੇ। ਹਰੇਕ ਜ਼ਿਲ੍ਹੇ ਵਿੱਚ ਇਸ ਸਕੀਮ ਨੂੰ ਅਮਲ ਵਿੱਚ ਲਿਆਉਂਣ ਲਈ ਡੀ.ਐਸ.ਪੀ./ਏ.ਸੀ.ਪੀ. (ਔਰਤਾਂ ਵਿਰੁੱਧ ਅਪਰਾਧ ਵਿੰਗ) ਨੋਡਲ ਅਫ਼ਸਰ ਵਜੋਂ ਤਾਇਨਾਤ ਹੋਵੇਗੀ। ਇਨ੍ਹਾਂ ਮਹਿਲਾ ਪੁਲੀਸ ਅਫ਼ਸਰਾਂ ਦੇ ਸੰਪਰਕ ਨੰਬਰ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੈਬਸਾਈਟਾਂ ‘ਤੇ ਉਪਲਬਧ ਹੋਣਗੇ। ਏ.ਡੀ.ਜੀ.ਪੀ. (ਅਪਰਾਧ) ਗੁਰਪ੍ਰੀਤ ਕੌਰ ਦਿਓ ਇਸ ਸੁਵਿਧਾ ਲਈ ਸੂਬਾਈ ਨੋਡਲ ਅਫ਼ਸਰ ਹੋਣਗੇ। ਤੇਲੰਗਾਨਾ ਵਿੱਚ ਇਕ ਵੈਟਰਨਰੀ ਡਾਕਟਰ ਨੂੰ ਦੋਸ਼ੀਆਂ ਵੱਲੋਂ ਅਗਵਾ ਕਰਕੇ ਬਲਾਤਕਾਰ ਕਰਨ ਪਿੱਛੋਂ ਅੱਗ ਲਾ ਸਾੜ ਦੇਣ ਨਾਲ ਕੌਮੀ ਪੱਧਰ ‘ਤੇ ਪੈਦਾ ਹੋਏ ਜਨਤਕ ਰੋਸ ਦੇ ਸੰਦਰਭ ਵਿੱਚ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਤੇਲੰਗਾਨਾ ਦੀ ਘਟਨਾ ‘ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਅਤੇ ਇਸ ਸਬੰਧੀ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਡੀ.ਜੀ.ਪੀ. ਨੇ ਕਿਹਾ ਕਿ ਸੂਬਾ ਪੁਲੀਸ ਔਰਤਾਂ ਦੀ ਸੁਰੱਖਿਆ ਲਈ ਹੋਰ ਸਕੀਮਾਂ ‘ਤੇ ਕੰਮ ਕਰ ਰਹੀ ਹੈ।