ਮਿਤਾਲੀ ਰਾਜ ਦਾ ਕਿਰਦਾਰ ਨਿਭਾਏਗੀ ਤਾਪਸੀ ਪੰਨੂ
ਮੁੰਬਈ – ਅਦਾਕਾਰਾ ਤਾਪਸੀ ਪੰਨੂ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦੀ ਜ਼ਿੰਦਗੀ ’ਤੇ ਬਣਨ ਵਾਲੀ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਏਗੀ। ‘ਸ਼ਾਬਾਸ਼ ਮਿੱਠੂ’ ਨਾਂ ਦੀ ਇਸ ਫ਼ਿਲਮ ਨੂੰ ਰਾਹੁਲ ਢੋਲਕੀਆ ਨਿਰਦੇਸ਼ਿਤ ਕਰਨਗੇ। ਤਾਪਸੀ ਨੇ ਕਿਹਾ ਕਿ ਇਹ ਉਸ ਲਈ ਬੜੇ ਮਾਣ ਦੀ ਗੱਲ ਹੈ। ਕਹਾਣੀ ਭਾਰਤੀ ਮਹਿਲਾ ਕ੍ਰਿਕਟ ਦੀ ਸਭ ਤੋਂ ਸਫ਼ਲ ਕਪਤਾਨ ਬਾਰੇ ਹੈ। ਉਸ ਨੇ ਕਿਹਾ ਕਿ ਉਹ ਹੁਣ ਤੋਂ ਹੀ ਮਿਤਾਲੀ ਦੇ ਰੂਪ ’ਚ ਢਲਣ ਦਾ ਦਬਾਅ ਮਹਿਸੂਸ ਕਰ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਮਿਤਾਲੀ ਸ਼ੁਰੂ ਤੋਂ ਹੀ ਬਹਾਦਰ ਤੇ ਮਜ਼ਬੂਤ ਰਹੀ ਹੈ। ਸੱਚ ਤੇ ਆਦਰਸ਼ਾਂ ਨੂੰ ਪਹਿਲ ਦਿੰਦੀ ਰਹੀ ਹੈ। ਉਸ ਨੇ ਭਾਰਤੀ ਮਹਿਲਾ ਕ੍ਰਿਕਟ ਪ੍ਰਤੀ ਲੋਕਾਂ ਦੇ ਨਜ਼ਰੀਏ ਨੂੰ ਬਦਲ ਕੇ ਰੱਖ ਦਿੱਤਾ। ਇਸ ਲਈ ਇਹ ਕਹਾਣੀ ਦੱਸੀ ਜਾਣੀ ਬਣਦੀ ਹੈ। ਤਾਪਸੀ ਨੇ ਕਿਹਾ ਕਿ ਫ਼ਿਲਮ ਰਾਹੀਂ ਉਹ ਇਕ ਹੋਰ ਖੇਡ ਸਿੱਖਣ ਦੀ ਕੋਸ਼ਿਸ਼ ਕਰੇਗੀ ਜਿਸ ਨੂੰ ਮੁਲਕ ਵਿਚ ਧਰਮ ਦਾ ਦਰਜਾ ਦਿੱਤਾ ਜਾਂਦਾ ਹੈ। ਵਾਇਕੌਮ18 ਸਟੂਡੀਓਜ਼ ਇਸ ਫ਼ਿਲਮ ਦਾ ਨਿਰਮਾਣ ਕਰ ਰਿਹਾ ਹੈ। ਮਿਤਾਲੀ ਨੇ ਕਿਹਾ ਕਿ ਉਸ ਨੇ ਹਮੇਸ਼ਾ ਔਰਤਾਂ ਨੂੰ ਬਰਾਬਰ ਹੱਕ ਦੇਣ ਦਾ ਪੱਖ ਪੂਰਿਆ ਹੈ।