ਬਠਿੰਡਾ ‘ਚ ਬਣੇਗਾ ਇਸਾਈ ਭਵਨ : ਮਨਪ੍ਰੀਤ ਬਾਦਲ
![](https://blastingskyhawk.com/wp-content/uploads/2019/12/3-18.jpg)
ਕ੍ਰਿਸਮਸ ਦੇ ਸ਼ੁੱਭ ਦਿਹਾੜੇ ‘ਤੇ ਵਿੱਤ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਦਿੱਤੀਆਂ ਵਧਾਈਆਂ
ਬਠਿੰਡਾ – ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕ੍ਰਿਸਮਿਸ ਦੇ ਸ਼ੁੱਭ ਮੌਕੇ ਤੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਇਸ ਤਿਉਹਾਰ ਨੂੰ ਮਨਾਉਣ ਲਈ ਕਰਵਾਏ ਗਏ ਸਮਾਗਮਾਂ ਵਿੱਚ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਹ ਇਸਾਈ ਧਰਮ ਨਾਲ ਜੁੜੇ ਲੋਕਾਂ ਤੋਂ ਇਲਾਵਾ ਵੱਖ-ਵੱਖ ਜਥੇਵੰਦੀਆਂ ਅਤੇ ਧਾਰਮਿਕ ਲੀਡਰਾਂ ਨੂੰ ਵੀ ਮਿਲੇ ਅਤੇ ਉਨਾਂ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਇਸਾਈ ਧਰਮ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇਸਾਈ ਧਰਮ ਦੇ ਲੋਕਾਂ ਵੱਲੋਂ ਮੰਗੇ ਗਏ ਭਵਨ ਨੂੰ ਥਾਂ ਦੇ ਕੇ ਜਲਦ ਹੀ ਬਣਾਉਣ ਦਾ ਭਰੋਸਾ ਜਤਾਇਆ। ਇਸ ਦੌਰਾਨ ਵਿੱਤ ਮੰਤਰੀ ਨੇ ਰੇਲਵੇ ਕਲੋਨੀ, ਓਸਿਜ ਰਿਜੋਰਟ ਅਤੇ ਗਰੀਨ ਪਾਰਕ ਵਿਖੇ ਗਏ ਅਤੇ ਵੱਖ-ਵੱਖ ਥਾਵਾਂ ਤੇ ਕਰਵਾਏ ਗਏ ਪ੍ਰੋਗਰਾਮਾਂ ਦੌਰਾਨ ਜਨਤਾ ਦੇ ਰੂ-ਬਰੂ ਹੁੰਦਿਆ ਉਨ੍ਹਾਂ ਸ਼ਹਿਰ ਦੀ ਨੁਹਾਰ ਨੂੰ ਬਦਲਣ ਦੀ ਆਪਣੀ ਬਚਨ ਵੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਸੜਕਾਂ, ਗਲੀਆਂ, ਨਾਲੀਆਂ, ਪੀਣ ਵਾਲਾ ਪਾਣੀ ਅਤੇ ਸੜਕ ਦੇ ਕਿਨਾਰੇ ਲੱਗਣ ਵਾਲੀਆਂ ਸਟਰੀਟ ਲਾਈਟਾਂ ਦੇ ਲਈ ਵੱਡੇ ਪੱਧਰ ਤੇ ਕੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੁਹਰਾਇਆ ਕਿ ਇਨ੍ਹਾਂ ਕੰਮਾਂ ਵਾਸਤੇ ਵੱਡੇ ਪੱਧਰ ਤੇ ਫੰਡ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰਿੰਗ ਰੋੜ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਜਿਸ ਦੇ ਮੁਕੰਮਲ ਹੋਣ ਨਾਲ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਾਈ ਸਿੱਧ ਹੋਵੇਗਾ। ਇਸ ਉਪਰੰਤ ਸ.ਮਨਪ੍ਰੀਤ ਸਿੰਘ ਬਾਦਲ ਉਚੇਚੇ ਤੌਰ ਤੇ ਸ਼ਹਿਰ ਦੇ ਉਸ ਥਾਂ ਤੇ ਵੀ ਗਏ ਜਿੱਥੇ ਮਿਗ ਹਵਾਈ ਜਹਾਜ਼ ਲੋਕਾਂ ਨੂੰ ਦੇਸ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਜ਼ਿਲ੍ਹਾ ਪ੍ਰਾਸ਼ਸਨ ਵੱਲੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਿਗ ਹਵਾਈ ਜਹਾਜ਼ ਜਿੱਥੇ ਸ਼ਹਿਰ ਵਾਸੀਆਂ ਵਿੱਚ ਦੇਸ ਭਗਤੀ ਦੀ ਭਾਵਨਾ ਪੈਦਾ ਕਰੇਗਾ, ਉੱਥੇ ਹੀ ਸ਼ਹਿਰ ਦੀ ਦਿੱਖ ਨੂੰ ਵੀ ਖੂਬਸੂਰਤ ਬਣਾਏਗਾ।