February 5, 2025
#ਪ੍ਰਮੁੱਖ ਖ਼ਬਰਾਂ #ਭਾਰਤ

ਭੀੜ ਨੂੰ ਹਿੰਸਾ ਲਈ ਭੜਕਾਉਣਾ ਲੀਡਰਸ਼ਿਪ ਨਹੀਂ : ਬਿਪਿਨ ਰਾਵਤ

ਫ਼ੌਜ ਮੁਖੀ ਵੱਲੋਂ ਸੀ.ਏ.ਏ. ਅਤੇ ਐਨ.ਆਰ.ਸੀ. ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਟਿੱਪਣੀ

ਨਵੀਂ ਦਿੱਲੀ – ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ. ਵਿਰੁੱਧ ਰੋਸ ਪ੍ਰਦਰਸ਼ਨਾਂ ‘ਤੇ ਟਿਪਣੀ ਕਰਦਿਆਂ ਕਿਹਾ ਕਿ ਜੇ ਸਾਡੇ ਆਗੂ ਸ਼ਹਿਰਾਂ ‘ਚ ਅੱਗਜਨੀ ਅਤੇ ਹਿੰਸਾ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਲੋਕਾਂ ਨੂੰ ਭੜਕਾਉਂਦੇ ਹਨ, ਤਾਂ ਇਹ ਲੀਡਰਸ਼ਿਪ ਨਹੀਂ ਹੈ। ਫ਼ੌਜ ਮੁਖੀ ਨੇ ਇੱਕ ਸੰਮੇਲਨ ‘ਚ ਆਯੋਜਿਤ ਸਭਾ ਵਿੱਚ ਕਿਹਾ, “ਨੇਤਾ ਉਹ ਨਹੀਂ ਜੋ ਲੋਕਾਂ ਨੂੰ ਗ਼ਲਤ ਦਿਸ਼ਾ ‘ਚ ਲੈ ਜਾਵੇ।” ਉਨ੍ਹਾਂ ਨੇ ਕਿਹਾ ਕਿ ਹਾਲ ਦੇ ਦਿਨਾਂ ‘ਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ‘ਚ ਵਿਦਿਆਰਥੀ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਨਿਕਲ ਕੇ ਹਿੰਸਾ ਕਰਨ ਲਈ ਲੋਕਾਂ ਅਤੇ ਭੀੜ ਦੀ ਅਗਵਾਈ ਕਰ ਰਹੇ ਹਨ। ਹਿੰਸਾ ਭੜਕਾਉਣਾ ਲੀਡਰਸ਼ਿਪ ਦਾ ਕੰਮ ਨਹੀਂ ਹੈ। 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਜਨਰਲ ਰਾਵਤ ਨੇ ਕਿਹਾ, “ਲੀਡਰ ਉਹ ਨਹੀਂ ਹੈ ਜੋ ਲੋਕਾਂ ਨੂੰ ਭਟਕਾਉਣ ਦਾ ਕੰਮ ਕਰਦਾ ਹੈ। ਅਸੀਂ ਵੇਖਿਆ ਹੈ ਕਿ ਵੱਡੀ ਗਿਣਤੀ ‘ਚ ਯੂਨੀਵਰਸਿਟੀ ਅਤੇ ਕਾਲਜ ਦੇ ਵਿਦਿਆਰਥੀ ਅੱਗਜਨੀ ਅਤੇ ਹਿੰਸਕ ਪ੍ਰਦਰਸ਼ਨ ਲਈ ਭੀੜ ਦਾ ਹਿੱਸਾ ਬਣ ਰਹੇ ਹਨ। ਇਸ ਭੀੜ ਦੀ ਅਗਵਾਈ ਕੀਤੀ ਜਾ ਰਹੀ ਹੈ ਪਰ ਅਸਲ ਮਾਇਨੇ ‘ਚ ਇਹ ਲੀਡਰਸ਼ਿਪ ਨਹੀਂ ਹੈ। ਜਦੋਂ ਤੁਸੀ ਅੱਗੇ ਵੱਧਦੇ ਹੋ ਤਾਂ ਹਰ ਕੋਈ ਤੁਹਾਡੇ ਵੱਲ ਵੇਖ ਕੇ ਤੁਰਦਾ ਹੈ। ਇਹ ਇੰਨਾ ਆਸਾਨ ਨਹੀਂ ਹੈ। ਇਹ ਵੇਖਣ ਨੂੰ ਆਸਾਨ ਲੱਗਦਾ ਹੈ ਪਰ ਬਹੁਤ ਹੀ ਮੁਸ਼ਕਿਲ ਭਰਿਆ ਹੈ। ਅਸਲ ‘ਚ ਲੀਡਰ ਉਹ ਹੈ ਜੋ ਤੁਹਾਨੂੰ ਸਹੀ ਦਿਸ਼ਾ ‘ਚ ਅੱਗੇ ਲੈ ਕੇ ਜਾਂਦਾ ਹੈ।” ਸਿਆਚਿਨ ਦੇ ਮੁਸ਼ਕਲ ਹਾਲਾਤਾਂ ‘ਚ ਜੁਟੇ ਭਾਰਤੀ ਫ਼ੌਜ ਦੇ ਜਵਾਨਾਂ ਦੀ ਤਾਰੀਫ਼ ਕਰਦਿਆਂ ਫ਼ੌਜ ਮੁਖੀ ਨੇ ਕਿਹਾ, “’ਅੱਜ ਦੇ ਦਿਨ ਜਦੋਂ ਅਸੀਂ ਸਾਰੇ ਦਿੱਲੀ ‘ਚ ਠੰਢ ਤੋਂ ਖੁਦ ਨੂੰ ਬਚਾਉਣ ‘ਚ ਜੁਟੇ ਹਨ, ਮੈਂ ਆਪਣੇ ਜਵਾਨਾਂ ਵੱਲ ਸਾਰਿਆਂ ਦਾ ਧਿਆਨ ਖਿੱਚਣਾ ਚਾਹੁੰਦਾ ਹਾਂ। ਸਿਆਚਿਨ ਅਤੇ ਦੂਜੀਆਂ ਉੱਚੀਆਂ ਚੋਟੀਆਂ ‘ਤੇ ਤਾਇਨਾਤ ਮੇਰੇ ਜਵਾਨ ਜਿੱਥੇ ਤਾਪਮਾਨ ਵੀ ਮਾਈਨਸ 10 ਤੋਂ ਮਾਈਨਸ 45 ਡਿਗਰੀ ਤੱਕ ਹੈ ਡਟੇ ਹੋਏ ਹਨ।”