ਪੰਜਾਬ ਭਵਨ ਸਰੀ ਵੱਲੋਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ 23-24 ਜਨਵਰੀ ਨੂੰ
ਪ੍ਰਵਾਸੀ ਲੇਖਕ ਸੁਖਵਿੰਦਰ ਕੰਬੋਜ਼ ਹੋਣਗੇ ‘ਅਰਜਨ ਸਿੰਘ ਬਾਠ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ : ਸੁੱਖੀ ਬਾਠ
ਸਰੀ (ਕੈਨੇਡਾ) – ਪੰਜਾਬੀ ਭਵਨ ਸਰੀ ਵੱਲੋਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਸਿਵਲ ਲਾਈਨ ਲੁਧਿਆਣਾ ਵਿਖੇ 23-24 ਜਨਵਰੀ ਨੂੰ ਤੀਸਰੀ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਕਰਵਾਈ ਜਾ ਰਹੀ ਹੈ। ਪੰਜਾਬ ਭਵਨ ਸਰੀ ਦੇ ਬਾਨੀ ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਇਸ ਮੌਕੇ ‘ਤੇ ਅਮਰੀਕਾ ਵਾਸੀ ਪ੍ਰਵਾਸੀ ਪੰਜਾਬੀ ਲੇਖਕ ਸੁਖਵਿੰਦਰ ਕੰਬੋਜ ਨੂੰ ‘ਸ. ਅਰਜਨ ਸਿੰਘ ਬਾਠ ਯਾਦਗਾਰੀ ਐਵਾਰਡ’ ਨਾਲ ਸਨਮਾਨ ਕੀਤਾ ਜਾਵੇਗਾ। ਸ੍ਰੀ ਕੰਬੋਜ ਨੇ ਕੈਲੀਫੋਰਨੀਆ ‘ਚ ਰਹਿੰਦਿਆਂ ਸਾਹਿਤ ਨੂੰ ਉੱਚਾ ਚੁੱਕਣ ਲਈ ਕਾਵਿ ਸਿਰਜਣਾ ਸੰਪਾਦਨਾ ਤੇ ਸਾਹਿਤਕ ਘਾਲਣਾ ਨਾਲ ਆਪਣੀ ਲਿਆਕਤ ਦਾ ਲੋਹਾ ਮਨਵਾਇਆ ਹੈ। 12 ਨਵੰਬਰ 1952 ‘ਚ ਨਕੋਦਰ ਨੇੜੇ ਪਿੰਡ ਸ਼ਾਹਪੁਰ ਵਿਖੇ ਸ. ਜਗੀਰ ਸਿੰਘ ਕੰਬੋਜ ਦੇ ਘਰ ਜਨਮੇ ਸ੍ਰੀ ਕੰਬੋਜ਼ ਨੇ 1976 ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ ਆਨਰਜ਼ ਪਾਸ ਕੀਤੀ। ਕੁਝ ਸਮਾਂ ਸ਼ਿਵਾਲਿਕ ਕਾਲਜ ਨੰਗਲ ‘ਚ ਬਤੌਰ ਪ੍ਰੋਫੈਸਰ ਪੜ੍ਹਾਇਆ ਫਿਰ ਅਮਰੀਕਾ ਚਲੇ ਗਏ, ਜਿੱਥੇ ਪੰਜ ਕਾਵਿ ਪੁਸਤਕਾਂ ਦੀ ਸਾਹਿਤ ਦੀ ਝੋਲੀ ਪਾਈਆਂ।