February 5, 2025
#ਪ੍ਰਮੁੱਖ ਖ਼ਬਰਾਂ #ਭਾਰਤ

ਸੀ.ਏ.ਏ. ਅਤੇ ਐਨ.ਆਰ.ਸੀ ਖ਼ਿਲਾਫ਼ ਕਾਂਗਰਸ ਨੇ ਦੇਸ਼ ਭਰ ‘ਚ ਕੱਢੇ ਸੰਵਿਧਾਨ ਮਾਰਚ

ਨਵੀਂ ਦਿੱਲੀ – ਕਾਂਗਰਸ ਨੇ ਆਪਣੇ 135ਵੇਂ ਸਥਾਪਨਾ ਦਿਵਸ ਮੌਕੇ ‘ਸੰਵਿਧਾਨ ਬਚਾਓ-ਭਾਰਤ ਬਚਾਓ’ ਮਾਰਚ ਦੇਸ਼ ਭਰ ‘ਚ ਕੱਢ ਕੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਆਪਣੇ ਵਿਰੋਧ ਨੂੰ ਅੱਗੇ ਵਧਾਇਆ। ਦਿੱਲੀ ਤੋਂ ਮੁੰਬਈ, ਅਸਾਮ ਤੋਂ ਕੇਰਲ ਅਤੇ ਗੁਜਰਾਤ ਤੋਂ ਲੈ ਕੇ ਬਿਹਾਰ ਤਕ ਪਾਰਟੀ ਨੇ ਇਹ ਮਾਰਚ ਕਰ ਕੇ ਐੱਨਡੀਏ ਸਰਕਾਰ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਸੀ.ਏ.ਏ. ਅਤੇ ਐਨ.ਆਰ.ਸੀ ਖ਼ਿਲਾਫ਼ ਪਾਰਟੀ ਦਾ ਵਿਰੋਧ ਰੁਕੇਗਾ ਨਹੀਂ। ਕਾਂਗਰਸ ਇਸ ਮੁੱਦੇ ‘ਤੇ ਮੋਦੀ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਸਿਆਸੀ ਲੜਾਈ ਦੀ ਤਿਆਰੀ ਕਰਦੀ ਸਾਫ਼ ਨਜ਼ਰ ਆ ਰਹੀ ਹੈ। ਸੀ.ਏ.ਏ. ਅਤੇ ਐਨ.ਆਰ.ਸੀ ਖ਼ਿਲਾਫ਼ ਦਿੱਲੀ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤਾਂ ਅਸਾਮ ‘ਚ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਲਖਨਊ ‘ਚ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਖ਼ੁਦ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ। ਪੀ ਚਿਦੰਬਰਮ ਤੇ ਗੁਲਾਮ ਨਬੀ ਆਜ਼ਾਦ ਤੋਂ ਲੈ ਕੇ ਪਾਰਟੀ ਦੇ ਤਮਾਮ ਸੀਨੀਅਰ ਨੇਤਾਵਾਂ ਹੀ ਨਹੀਂ ਕਾਂਗਰਸ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਵੱਡੇ ਵਿਰੋਧ ਮਾਰਚ ‘ਚ ਸ਼ਾਮਲ ਹੋ ਕੇ ਸੀਏਏ-ਐੱਨਆਰਸੀ ਦੇ ਵਿਰੋਧ ਨੂੰ ਸਿਆਸੀ ਲੜਾਈ ਬਣਾਉਣ ਦੇ ਪਾਰਟੀ ਦੇ ਇਰਾਦੇ ਨੂੰ ਸਪੱਸ਼ਟ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ‘ਚ 24 ਅਕਬਰ ਰੋਡ ‘ਤੇ ਸ਼ਨਿਚਰਵਾਰ ਨੂੰ ਸਵੇਰੇ ਸੋਨੀਆ ਗਾਂਧੀ ਨੇ ਪਾਰਟੀ ਦਾ ਝੰਡਾ ਲਹਿਰਾ ਕੇ ਸਥਾਪਨਾ ਦਿਵਸ ਸਬੰਧੀ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਤਮਾਮ ਸੀਨੀਅਰ ਨੇਤਾ ਮੌਜੂਦ ਸਨ। ਇਸ ਤੋਂ ਬਾਅਦ ਰਾਹੁਲ ਗਾਂਧੀ 311-NR3 ਖ਼ਿਲਾਫ਼ ਕਾਂਗਰਸ ਦੇ ਮਾਰਚ ਤੇ ਰੈਲੀ ਨੂੰ ਸੰਬੋਧਨ ਕਰਨ ਲਈ ਅਸਾਮ ਰਵਾਨਾ ਹੋ ਗਏ। ਦਿੱਲੀ ‘ਚ ਅੱਤ ਦੀ ਠੰਢ ਦੇ ਬਾਵਜੂਦ ਸੂਬਾ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਦੀ ਅਗਵਾਈ ‘ਚ ਕਰੀਬ ਤਿੰਨ ਕਿਲੋਮੀਟਰ ਤਕ ਮਾਰਚ ਰਾਜਘਾਟ ਤਕ ਕੱਢਿਆ ਗਿਆ।