ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਜਸਬੀਰ ਸਿੰਘ ਦੇ ਸਤਿਕਾਰ ਵਜੋਂ ਸੋਮਵਾਰ ਨੂੰ ਸੂਬਾਈ ਸੋਗ ਦਾ ਐਲਾਨ
![](https://blastingskyhawk.com/wp-content/uploads/2019/12/15-21.jpg)
ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਘੇ ਕਾਂਗਰਸੀ ਆਗੂ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਨੇ ਸਾਬਕਾ ਰਾਜ ਮੰਤਰੀ ਜਸਬੀਰ ਸਿੰਘ, ਜੋ 28 ਦਸੰਬਰ ਨੂੰ ਸੰਗਰੂਰ ਵਿਖੇ ਅਕਾਲ ਚਲਾਣਾ ਕਰ ਗਏ ਸਨ, ਦੇ ਸਤਿਕਾਰ ਵਜੋਂ 30 ਦਸੰਬਰ (ਸੋਮਵਾਰ) ਨੂੰ ਸੂਬਾ ਪੱਧਰੀ ਸੋਗ ਦਾ ਐਲਾਨ ਕੀਤਾ ਗਿਆ ਹੈ।ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਪੱਧਰੀ ਸੋਗ ਦੌਰਾਨ, ਸੂਬੇ ਭਰ ਵਿੱਚ ਇਮਾਰਤਾਂ ’ਤੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਇਸ ਦਿਨ ਮਨੋਰੰਜਨ ਦਾ ਕੋਈ ਸਮਾਗਮ ਨਹੀਂ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਕਾਂਗਰਸੀ ਆਗੂ ਜਸਬੀਰ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਸਬੀਰ ਸਿੰਘ ਕਾਂਗਰਸ ਪਾਰਟੀ ਦੇ ਅਨੁਸ਼ਾਸਨਬੱਧ ਆਗੂ ਸਨ ਜਿਨਾਂ ਨੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਅਣਥੱਕ ਯਤਨ ਕੀਤੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨਾਂ ਵੱਲੋਂ ਗਰੀਬਾਂ, ਜ਼ਰੂਰਤਮੰਦਾਂ ਅਤੇ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਭਲਾਈ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।