ਕੈਪਟਨ ਅਮਰਿੰਦਰ ਸਿੰਘ ਨੇ ਜੀ.ਜੀ.ਆਈ. ਰਿਪੋਰਟ ਬਾਰੇ ਸੁਖਬੀਰ ਦੇ ਝੂਠਾਂ ਨੂੰ ਠੋਸ ਤੱਥਾਂ ਦੇ ਹਵਾਲਿਆਂ ਨਾਲ ਕੀਤਾ ਰੱਦ
![](https://blastingskyhawk.com/wp-content/uploads/2019/12/12-19.jpg)
ਕਿਹਾ, ਰਿਪੋਰਟ ਵਿੱਚ ਦਰਸਾਏ ਅੰਕੜੇ ਸ਼ੋਮਣੀ ਅਕਾਲੀ ਦਲ-ਭਾਜਪਾ ਦੇ ਕਾਰਜਕਾਲ ਨਾਲ ਸਬੰਧਤ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਠੋਸ ਤੱਥਾਂ ਅਤੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਚੰਗੇ ਸ਼ਾਸਨ ਦੇ ਸੂਚਕ-ਅੰਕ (ਜੀ.ਜੀ.ਆਈ.) ਸਬੰਧੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਬਾਰੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਗੁੰਮਰਾਹਕੁੰਨ ਜਾਣਕਾਰੀ ਫੈਲਾ ਕੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਲਈ ਉਸ ਨੂੰ ਕਰੜੇ ਹੱਥੀਂ ਲਿਆ ਜਦਕਿ ਇਹ ਅੰਕੜੇ ਅਸਲ ਵਿੱਚ ਸ਼ੋਮਣੀ ਅਕਾਲੀ ਦਲ-ਭਾਜਪਾ ਦੇ ਕਾਰਜਕਾਲ ਦੌਰਾਨ ਮਾੜੇ ਪ੍ਰਸਾਸ਼ਨ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਸੂਬੇ ਬਾਰੇ ਸ਼ੋਮਣੀ ਅਕਾਲੀ ਦਲ ਦੇ ਮੁਖੀ ਦੀ ਘੋਰ ਅਗਿਆਨਤਾ ਲਈ ਉਸ ‘ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਮਿਲ ਕੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਆਪਣੀਆਂ ਨੀਤੀਆਂ ਨਾਲ ਹਰੇਕ ਪੱਧਰ ‘ਤੇ ਸੂਬੇ ਦੀ ਤਰੱਕੀ ਨੂੰ ਢਾਹ ਲਾਈ। ਭਾਰਤ ਸਰਕਾਰ ਵੱਲੋਂ 25 ਦਸੰਬਰ ਨੂੰ ਜਾਰੀ ਕੀਤੀ ਗਈ ਜੀ.ਜੀ.ਆਈ. ਰਿਪੋਰਟ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਰਿਪੋਰਟ ਤਿਆਰ ਕਰਨ ਲਈ ਵਰਤੇ ਗਏ ਅੰਕੜੇ ਵਿੱਤੀ ਸਾਲ 2014-15, 2015-16 ਅਤੇ 2016-17 ਨਾਲ ਸਬੰਧਤ ਹਨ ਜਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਗੱਠਜੋੜ ਸਰਕਾਰ ਸੀ। ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਗੰਭੀਰ ਅਤੇ ਜ਼ਿੰਮੇਵਾਰ ਸ਼ਾਸਨ ਵਿਚ ਸ਼ਾਮਲ ਕੋਈ ਵੀ ਵਿਅਕਤੀ ਜਾਣਦਾ ਹੈ ਕਿ ਤਰੱਕੀ ਦੇ ਸੂਚਕ-ਅੰਕ ਇਕ ਸਮੇਂ ਦੇ ਨਾਲ ਵਿਕਸਤ ਹੁੰਦੇ ਹਨ ਅਤੇ ਵਿਕਾਸ ਸਬੰਧੀ ਕਿਸੇ ਵੀ ਤਰ੍ਹਾਂ ਦੇ ਅੰਕੜੇ ਅਗਲੀਆਂ ਰਿਪੋਰਟਾਂ ਵਿੱਚ ਦਰਸਾਏ ਜਾਂਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲੈਂਦਿਆਂ ਕਿਹਾ ”ਪਰ ਸੁਖਬੀਰ ਇਹ ਨਹੀਂ ਜਾਣਦਾ ਅਤੇ ਇੰਝ ਜਾਪਦਾ ਹੈ ਕਿ ਉਸਨੂੰ ਜ਼ਿਮੇਵਾਰੀ ਅਤੇ ਚੰਗੇ ਪ੍ਰਸ਼ਾਸਨ ਦਾ ਮਤਲਬ ਹੀ ਨਹੀਂ ਪਤਾ।”ਸੂਬੇ ਵਿੱਚ ਉਦਯੋਗਾਂ ਦੀ ਪ੍ਰਗਤੀ ਅਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਸਬੰਧੀ ਸੁਖਬੀਰ ਦੇ ਝੂਠਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਿਪੋਰਟ 2014-15 ਦੇ ਅੰਕੜਿਆਂ ‘ਤੇ ਅਧਾਰਤ ਹੈ। ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਸਬੰਧੀ ਉਪਰਾਲੇ 2017 ਵਿੱਚ ਸ਼ੁਰੂ ਕੀਤੇ ਗਏ ਸਨ ਜਿਸ ਸਮੇਂ ਨਵੀਂ ਬਣੀ ਸਰਕਾਰ ਅਧੀਨ ਇਸ ਸੈਕਟਰ ਵਿੱਚ ਤਬਦੀਲੀਆਂ ਅਜੇ ਵੀ ਜਾਰੀ ਸਨ।