ਟੀਮ ’ਚ ਵਾਪਸੀ ਬਾਰੇ ਦੱਸ ਨਹੀਂ ਸਕਦਾ: ਭੁਵਨੇਸ਼ਵਰ
ਨਵੀਂ ਦਿੱਲੀ – ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਅਜੇ ਨਹੀਂ ਪਤਾ ਕਿ ਉਹ ਕਦੋਂ ਕ੍ਰਿਕਟ ਵਿੱਚ ਵਾਪਸੀ ਕਰੇਗਾ ਕਿਉਂਕਿ ਹੁਣ ਤੱਕ ਇਹ ਤੈਅ ਨਹੀਂ ਹੋ ਸਕਿਆ ਕਿ ਉਸ ਦੇ ਹਰਨੀਆ ਦੇ ਇਲਾਜ ਲਈ ਸਰਜਰੀ ਦੀ ਲੋੜ ਹੈ ਜਾਂ ਨਹੀਂ। ਇਹ ਮਾਹਿਰ ਤੇਜ਼ ਗੇਂਦਬਾਜ਼ ਕਥਿਤ ਤੌਰ ’ਤੇ ਆਪਣੇ ਰਿਹੈਬਿਲੀਟੇਸ਼ਨ ਵਿੱਚ ਖ਼ਾਮੀ ਲਈ ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੁੰਦਾ। ਉਹ ਹਾਲਾਂਕਿ ਹੈਰਾਨ ਹੈ ਕਿ ਉਸ ਦੀ ਹਰਨੀਆ ਦਾ ਪਤਾ ਪਹਿਲਾਂ ਕਿਉਂ ਨਹੀਂ ਚੱਲ ਸਕਿਆ। ਭੁਵਨੇਸ਼ਵਰ ਨੇ ਕਿਹਾ, ‘‘ਵਿਸ਼ਵ ਟੀ-20 ਵਿੱਚ ਹੁਣ ਵੀ ਨੌਂ ਮਹੀਨਿਆਂ ਦਾ ਸਮਾਂ ਹੈ। ਮੈਂ ਇਸ ਬਾਰੇ ਨਹੀਂ ਸੋਚ ਰਿਹਾ। ਸਭ ਤੋਂ ਪਹਿਲਾਂ ਮੈਂ ਫਿੱਟ ਹੋਣਾ ਹੈ ਅਤੇ ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਫਿੱਟ ਹੋ ਸਕਾਂਗਾ।’’ ਮੇਰਠ ਦੇ ਭੁਵਨੇਸ਼ਵਰ ਤੋਂ ਪੁੱਛਿਆ ਗਿਆ ਕਿ ਕੀ ਖਿਡਾਰੀ ਐੱਨਸੀਏ ਜਾਣ ਤੋਂ ਡਰਦੇ ਹਨ ਤਾਂ ਉਸ ਨੇ ਕਿਹਾ, ‘‘ਇਹ ਕਿਸੇ ਵੀ ਖਿਡਾਰੀ ਦੀ ਵਿਅਕਤੀਗਤ ਇੱਛਾ ਹੈ ਕਿ ਉਹ ਐੱਨਸੀਏ ਜਾਣਾ ਚਾਹੁੰਦਾ ਹੈ ਜਾਂ ਨਹੀਂ।’