ਹੰਕਾਰ ਵਿੱਚ ਡੁੱਬੀ ਸਰਕਾਰ ਆਪਣੇ ਰਸਤੇ ਤੋਂ ਭਟਕ ਗਈ ਹੈ : ਸੋਨੀਆ ਗਾਂਧੀ
ਨਵੀਂ ਦਿੱਲੀ – ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਤੋਂ ਲੱਗਭੱਗ 24 ਘੰਟੇ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਹਮਲਾ ਬੋਲਿਆ ਹੈ| ਸੋਨੀਆ ਨੇ ਨਿਤੀਸ਼ ਕੁਮਾਰ ਦੇ ਨਾਲ ਕੇਂਦਰ ਸਰਕਾਰ ਤੇ ਵੀ ਹਮਲਾ ਕੀਤਾ ਹੈ| ਸੋਨੀਆ ਨੇ ਕਿਹਾ ਕਿ ਅੱਜ ਬਿਹਾਰ ਵਿੱਚ ਸੱਤਾ ਅਤੇ ਉਸ ਦੇ ਹੰਕਾਰ ਵਿੱਚ ਡੁੱਬੀ ਸਰਕਾਰ ਆਪਣੇ ਰਸਤੇ ਤੋਂ ਭਟਕ ਗਈ ਹੈ| ਨਾ ਉਨ੍ਹਾਂ ਦੀ ਕਰਨੀ ਚੰਗੀ ਹੈ, ਨਾ ਕਥਨੀ| ਕਿਸਾਨ ਅਤੇ ਨੌਜਵਾਨ ਅੱਜ ਨਿਰਾਸ਼ ਹਨ| ਅਰਥਵਿਵਸਥਾ ਦੀ ਨਾਜ਼ੁਕ ਸਥਿਤੀ ਲੋਕਾਂ ਦੇ ਜੀਵਨ ਤੇ ਭਾਰੀ ਪੈ ਰਹੀ ਹੈ| ਬਿਹਾਰ ਦੀ ਜਨਤਾ ਦੀ ਆਵਾਜ਼ ਕਾਂਗਰਸ ਮਹਾਗਠਜੋੜ ਨਾਲ ਹੈ| ਉਨ੍ਹਾਂ ਕਿਹਾ ਕਿ ਦਿੱਲੀ ਅਤੇ ਬਿਹਾਰ ਦੀਆਂ ਸਰਕਾਰਾਂ ਬੰਦੀ ਸਰਕਾਰਾਂ ਹਨ, ਇਸ ਲਈ ਬੰਦੀ ਸਰਕਾਰ ਵਿਰੁੱਧ ਇਕ ਨਵੇਂ ਬਿਹਾਰ ਦੇ ਨਿਰਮਾਣ ਲਈ ਬਿਹਾਰ ਦੀ ਜਨਤਾ ਤਿਆਰ ਹੈ| ਹੁਣ ਤਬਦੀਲੀ ਦੀ ਵਾਰੀ ਹੈ| ਉਹਨਾਂ ਬਿਹਾਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਮਹਾਗਠਜੋੜ ਦੇ ਉਮੀਦਵਾਰਾਂ ਨੂੰ ਵੋਟ ਦੇਣ ਅਤੇ ਨਵੇਂ ਬਿਹਾਰ ਦਾ ਨਿਰਮਾਣ ਕਰਨ ਵਿੱਚ ਸਹਿਯੋਗ ਦੇਣ| ਜਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣ ਦੇ ਪਹਿਲੇ ਪੜਾਅ ਦੇ ਅਧੀਨ ਜਿਨ੍ਹਾਂ 71 ਵਿਧਾਨ ਸਭਾ ਖੇਤਰਾਂ ਵਿੱਚ ਭਲਕੇ 28 ਅਕਤੂਬਰ ਨੂੰ ਵੋਟਿੰਗ ਹੋਣੀ ਹੈ, ਉਸ ਲਈ ਚੋਣ ਪ੍ਰਚਾਰ ਖਤਮ ਹੋ ਗਿਆ| ਬਿਹਾਰ ਵਿਧਾਨ ਸਭਾ ਦੇ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦੌਰਾਨ ਪ੍ਰਦੇਸ਼ ਵਿੱਚ ਸੱਤਾਧਾਰੀ ਰਾਜਗ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੇ ਵੋਟਰਾਂ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਸੂਬੇ ਵਿੱਚ ਫਿਰ ਤੋਂ ਰਾਜਗ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ| ਬਿਹਾਰ ਦੇ ਵਿਰੋਧੀ ਮਹਾਗਠਜੋੜ ਵਿੱਚ ਸ਼ਾਮਿਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪਹਿਲੇ ਪੜਾਅ ਵਿੱਚ 2 ਰੈਲੀਆਂ ਨੂੰ ਸੰਬੋਧਨ ਕੀਤਾ| ਉਨ੍ਹਾਂ ਦੀ ਪਾਰਟੀ ਕਾਂਗਰਸ ਲਾਲੂ ਪ੍ਰਸਾਦ ਦੀ ਰਾਜਦ ਅਤੇ ਤਿੰਨ ਖੱਬੇ ਪੱਖੀ ਦਲਾਂ ਨਾਲ ਮਿਲ ਕੇ ਇਹ ਚੋਣ ਲੜ ਰਹੀ ਹੈ|