Rehri fari and Mandi shopkeepers held a huge election meeting in favor of Balbir Singh Sidhu
ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਰੇਹੜੀ ਫੜੀ ਤੇ ਮੰਡੀ ਵਾਲਿਆਂ ਨੇ ਕੀਤੀ ਵਿਸ਼ਾਲ ਚੋਣ ਮੀਟਿੰਗ
ਹੱਥ ਖੜੇ ਕਰਕੇ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਐਲਾਨ
ਰੇਹੜੀ ਫੜੀ ਵਾਲਿਆਂ ਤੇ ਮੰਡੀ ਵਾਲਿਆਂ ਨਾਲ ਸਦਾ ਖੜ੍ਹਾ ਹਾਂ, ਛੇਤੀ ਮਿਲੇਗੀ ਪੱਕੀ ਥਾਂ : ਬਲਬੀਰ ਸਿੰਘ ਸਿੱਧੂ
ਮੋਹਾਲੀ।
ਮੋਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ, ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਮੋਹਾਲੀ ਦੀ ਰੇਹੜੀ ਫੜੀ ਐਸੋਸੀਏਸ਼ਨ, ਮੰਡੀ ਵਿਚ ਕੰਮ ਕਰਦੇ ਦੁਕਾਨਦਾਰਾਂ, ਫਲ ਫਰੂਟ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਪ੍ਰਧਾਨ ਰਵੀ ਕੁਮਾਰ ਦੀ ਅਗਵਾਈ ਹੇਠ ਵਿਸ਼ਾਲ ਚੋਣ ਮੀਟਿੰਗ ਕੀਤੀ। ਇਸ ਮੌਕੇ ਸਮੂਹ ਹਾਜਿਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਬਲਬੀਰ ਸਿੰਘ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਸਿੱਧੂ ਦੇ ਨਾਲ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜਿਰ ਸਨ।
ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਹਰ ਵਰਗ ਦੀ ਬਾਂਹ ਫੜੀ ਹੈ ਤੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਝੰਬੇ ਗਏ ਰੇਹੜੀ ਫੜੀ ਵਾਲਿਆਂ ਨੂੰ ਉਹਨਾਂ ਨੇ ਕਦੇ ਵੀ ਤੰਗ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਤੇ ਜਿਵੇਂ ਹੀ ਹਾਲਤ ਠੀਕ ਹੋਏ, ਸਭ ਤੋਂ ਪਹਿਲਾਂ ਰੇਹੜੀ ਫੜੀ ਵਾਲਿਆਂ ਦਾ ਰੋਜ਼ਗਾਰ ਸ਼ੁਰੂ ਕਰਵਾਇਆ ਗਿਆ ਤੇ ਮੰਡੀਆਂ ਚਾਲੂ ਕਾਰਵਾਈਆਂ ਗਈਆਂ। ਉਹਨਾਂ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਰੇਹੜੀ ਫੜੀ ਤੇ ਮੰਡੀ ਵਿਚ ਕੰਮ ਕਾਰਨ ਵਾਲੇ ਛੋਟੇ ਦੁਕਾਨਦਾਰਾਂ ਦੇ ਨਾਲ ਖੜੇ ਹਨ ਤੇ ਚੋਣਾਂ ਉਪਰੰਤ ਇਹਨਾਂ ਨੂੰ ਟਾਊਨ ਵੈਂਡਿੰਗ ਦੇ ਤਹਿਤ ਜਗ੍ਹਾ ਮੁਹਈਆ ਕਾਰਵਾਈ ਜਾਏਗੀ ਤਾਂ ਜੋ ਇਹਨਾਂ ਨੂੰ ਕੋਈ ਤੰਗ ਪ੍ਰੇਸ਼ਾਨ ਨਾ ਕਰ ਸਕੇ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਨੇ ਟਾਊਨ ਵੈਂਡਿੰਗ ਕਮੇਟੀ ਬਣਾ ਕੇ ਮੋਹਾਲੀ ਵਿਚ ਕੰਮ ਕਰਨ ਵਾਲੇ ਰੇਹੜੀ ਫੜੀ ਵਾਲਿਆਂ ਤੇ ਮੰਡੀ ਵਿਚ ਕੰਮ ਕਰਨ ਵਾਲਿਆਂ ਦਾ ਸਰਵੇ ਕੀਤਾ ਹੋਇਆ ਹੈ ਤੇ ਛੇਤੀ ਹੀ ਇਹਨਾਂ ਨੂੰ ਥਾਂ ਉਪਲਬਧ ਕਾਰਵਾਈ ਜਾਵੇਗੀ।
ਇਸ ਤੋਂ ਪਹਿਲਾਂ ਇਥੇ ਆਉਣ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਿਧਾਇਕ ਬਲਬੀਰ ਸਿੰਘ ਸਿੱਧੂ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਸਵਾਗਤ ਕੀਤਾ ਤੇ ਇਹਨਾਂ ਰੇਹੜੀ ਫੜੀ ਵਾਲਿਆਂ ਨੂੰ ਦਰਪੇਸ਼ ਆਉਂਦੀਆਂ ਸਮਸਿਆਵਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਦਾ ਹਲ ਕਰਵਾਉਣ ਦਾ ਵਿਧਾਇਕ ਸਿੱਧੂ ਨੇ ਵਾਅਦਾ ਕੀਤਾ।
ਇਸ ਮੌਕੇ ਰੇਹੜੀ ਫੜੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਕੁਮਾਰ ਨੇ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਬਲਬੀਰ ਸਿੰਘ ਸਿੱਧੂ ਨੂੰ ਜਿਤਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਰੇਹੜੀ ਫੜੀ ਵਾਲਿਆਂ ਤੇ ਮੰਡੀ ਵਾਲਿਆਂ ਦੀ ਇਕ ਇਕ ਵੋਟ ਬਲਬੀਰ ਸਿੰਘ ਸਿੱਧੂ ਦੇ ਖਾਤੇ ਵਿਚ ਜਾਵੇਗੀ।
ਇਸ ਮੌਕੇ ਮੱਖਣ ਸਿੰਘ ਪ੍ਰਧਾਨ ਮੰਡੀ, ਨਰੇਸ਼ ਪ੍ਰਧਾਨ ਫਰੂਟ ਮਾਰਕੀਟ ਸਮੇਤ ਰੇਹੜੀ ਫੜੀ ਲਗਾਉਣ ਤੇ ਮੰਡੀਆਂ ਵਿਚ ਕੰਮ ਕਰਵਾਉਣ ਵਾਲੇ ਛੋਟੇ ਦੁਕਾਨਦਾਰ ਵੱਡੀ ਗਿਣਤੀ ਵਿਚ ਹਾਜਿਰ ਸਨ।