ਦਿੱਲੀ : ਮੁੰਡਕਾ ‘ਚ ਖ਼ਤਰਨਾਕ ਅੱਗ, 27 ਦੀ ਮੌਤ, 50 ਤੋਂ ਵੱਧ ਬਚਾਏ, ਕਈ ਲਾਪਤਾ
ਨਵੀਂ ਦਿੱਲੀ: ਮੁੰਡਕਾ ਇਲਾਕੇ ‘ਚ ਸ਼ੁੱਕਰਵਾਰ ਸ਼ਾਮ ਨੂੰ ਇਕ ਤਿੰਨ ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ ਸੀ। 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਗਿਣਤੀ 12 ਦੱਸੀ ਗਈ ਹੈ। ਇਸ ਹਾਦਸੇ ‘ਚ ਫਾਇਰ ਬ੍ਰਿਗੇਡ ਦੇ ਦੋ ਕਰਮਚਾਰੀਆਂ ਦੀ ਵੀ ਮੌਤ ਹੋ ਗਈ। ਇਮਾਰਤ ਵਿੱਚ ਅਜੇ ਵੀ ਕਈ ਲੋਕ ਫਸੇ ਹੋਏ ਹਨ। ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਦੀ ਤਲਾਸ਼ ਜਾਰੀ ਹੈ।
ਜ਼ਖਮੀਆਂ ਨੂੰ ਗ੍ਰੀਨ ਕੋਰੀਡੋਰ ਬਣਾ ਕੇ ਸੰਜੇ ਗਾਂਧੀ ਹਸਪਤਾਲ ਭੇਜਿਆ ਗਿਆ। ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ‘ਚ ਜੁਟੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ‘ਤੇ ਸੋਗ ਪ੍ਰਗਟ ਕੀਤਾ ਹੈ। ਦੇਰ ਰਾਤ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਅਜੇ ਵੀ ਧੂੰਏਂ ਅਤੇ ਮਲਬੇ ‘ਚ ਦੱਬੇ ਲੋਕਾਂ ਦੀ ਭਾਲ ਜਾਰੀ ਹੈ। ਫਾਇਰ ਬ੍ਰਿਗੇਡ ਅਧਿਕਾਰੀ ਸਤਪਾਲ ਬੜਦਵਾਜ ਨੇ ਦੱਸਿਆ ਕਿ ਹੋਰ ਕੋਈ ਲਾਸ਼ਾਂ ਨਹੀਂ ਮਿਲੀਆਂ ਹਨ।
ਇਸ ਤੋਂ ਇਲਾਵਾ ਪੁਲਿਸ ਕਰਮਚਾਰੀ ਵੀ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਇਮਾਰਤ ਵਿੱਚ ਕਈ ਕੰਪਨੀਆਂ ਦੇ ਦਫਤਰ ਅਤੇ ਫੈਕਟਰੀਆਂ ਹਨ। ਅੱਗ ਲੱਗਣ ਤੋਂ ਬਾਅਦ ਇਨ੍ਹਾਂ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਈ ਲੋਕ ਇਮਾਰਤ ਵਿੱਚ ਫਸ ਗਏ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਟਵੀਟ ਵਿੱਚ ਦਿੱਤੀ ਗਈ ਹੈ।