February 5, 2025
#ਟ੍ਰਾਈਸਿਟੀ #ਪੰਜਾਬ #ਪ੍ਰਮੁੱਖ ਖ਼ਬਰਾਂ

Mayor Jiti Sidhu inaugurates water cooler provided by Durga Satuti Samiti in Phase 7

ਫੇਜ਼ 7 ਵਿਚ ਦੁਰਗਾ ਸਤੁਤੀ ਸੰਮਤੀ ਵੱਲੋਂ ਦਿੱਤੇ ਵਾਟਰ ਕੂਲਰ ਦਾ ਉਦਘਾਟਨ ਮੇਅਰ ਜੀਤੀ ਸਿੱਧੂ ਨੇ ਕੀਤਾ

ਫੇਜ਼ 2 ਵਿੱਚ ਮੇਅਰ ਨੇ ਕੀਤਾ ਨਵੀਂਆਂ ਨੰਬਰ ਪਲੇਟਾਂ ਲਗਾਉਣ ਦੇ ਕੰਮ ਦਾ ਉਦਘਾਟਨ

ਹਰ ਵਿਅਕਤੀ ਨੂੰ ਪਾਣੀ ਬਚਾਉਣ ਲਈ ਕਰਨਾ ਚਾਹੀਦਾ ਹੈ ਉਪਰਾਲਾ : ਮੇਅਰ ਜੀਤੀ ਸਿੱਧੂ

ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਫੇਜ਼ 7 ਵਿਚ ਲਾਇਬਰੇਰੀ ਪਾਰਕ ਦੇ ਬਾਹਰ ਪੀਣ ਵਾਲੇ ਪਾਣੀ ਦੇ ਕੂਲਰ ਦਾ ਉਦਘਾਟਨ ਕੀਤਾ। ਇਹ ਪੀਣ ਵਾਲੇ ਪਾਣੀ ਦਾ ਕੂਲਰ ਦੁਰਗਾ ਸਤੁਤੀ ਸੰਮਤੀ ਵਲੋਂ ਇਲਾਕੇ ਦੀ ਕੌਂਸਲਰ ਅਨੁਰਾਧਾ ਆਨੰਦ ਅਤੇ ਉਨ੍ਹਾਂ ਦੇ ਪਤੀ ਸਮਾਜ ਸੇਵੀ ਜਤਿੰਦਰ ਆਨੰਦ ਟਿੰਕੂ ਰਾਹੀਂ ਲੋਕ ਸੇਵਾ ਲਈ ਭੇਟ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੀਨੀਅਰ ਆਗੂ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਆਦਿ ਹਾਜ਼ਰ ਸਨ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੌਂਸਲਰ ਅਨੁਰਾਧਾ ਆਨੰਦ ਅਤੇ ਉਨ੍ਹਾਂ ਦੇ ਪਤੀ ਸਮਾਜ ਸੇਵੀ ਜਤਿੰਦਰ ਆਨੰਦ ਦੇ ਨਾਲ ਨਾਲ ਦੁਰਗਾ ਸਤੁਤੀ ਸੰਮਤੀ ਦੀਆਂ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੜਾ ਵੱਡਾ ਉਪਰਾਲਾ ਕਰਕੇ ਇਸ ਭਾਰੀ ਗਰਮੀ ਦੇ ਮੌਸਮ ਵਿੱਚ ਪਿਆਸਿਆਂ ਨੂੰ ਪਾਣੀ ਪਿਲਾਉਣ ਦਾ ਪੁੰਨ ਖੱਟਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੋਰਨਾਂ ਸੰਸਥਾਵਾਂ ਨੂੰ ਵੀ ਲੋਕ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਮੌਕੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪਾਣੀ ਹੀ ਜੀਵਨ ਹੈ ਅਤੇ ਇਸ ਨੂੰ ਬਹੁਤ ਸਾਂਭ ਕੇ ਰੱਖਣ ਦੀ ਲੋੜ ਹੈ ਅਤੇ ਪਾਣੀ ਨੂੰ ਬਚਾਉਣ ਲਈ ਹਰ ਵਿਅਕਤੀ ਨੂੰ ਆਪਣੇ ਪੱਧਰ ਤੇ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਮੋਹਾਲੀ ਦੇ ਲੋਕਾਂ ਨੂੰ ਪਾਣੀ ਦੀ ਬੱਚਤ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਸਵੇਰੇ ਤੋਂ ਸ਼ਾਮ ਤਕ ਕਾਰਾਂ ਤੇ ਫਰਸ਼ ਧੋਣੇ ਅਤੇ ਬੂਟਿਆਂ ਨੂੰ ਪਾਣੀ ਲਾਉਣ ਦੀ ਮਨਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਨਗਰ ਨਿਗਮ ਵੱਲੋਂ ਕੱਢੇ ਜਾ ਰਹੇ ਹਨ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪਾਣੀ ਦੀ ਬਚਤ ਲਈ ਨਗਰ ਨਿਗਮ ਵੱਲੋਂ ਵਾਟਰ ਹਾਰਵੈਸਟਿੰਗ ਸਕੀਮ ਆਰੰਭ ਕੀਤੀ ਗਈ ਹੈ। ਇਸ ਦੇ ਤਹਿਤ ਪੂਰੇ ਮੁਹਾਲੀ ਵਿਚ ਨਗਰ ਨਿਗਮ ਦੀਆਂ ਬਿਲਡਿੰਗਾਂ ਤੋਂ ਬਰਸਾਤੀ ਪਾਣੀ ਦੀ ਹਾਰਵੈਸਟਿੰਗ ਕੀਤੀ ਜਾਵੇਗੀ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਕਿਹਾ ਕਿ ਉਹ ਪਾਣੀ ਬਰਸਾਤੀ ਪਾਣੀ ਦੀ ਹਾਰਵੈਸਟਿੰਗ ਕਰਨ ਲਈ ਆਪਣੇ ਪੱਧਰ ਤੇ ਜ਼ਰੂਰ ਉਪਰਾਲੇ ਕਰਨ।

ਇਸ ਤੋਂ ਇਲਾਵਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼ ਦੋ ਵਿਚ ਕਨਾਲ ਦੀਆਂ ਕੋਠੀਆਂ ਵਿੱਚ ਲੱਗਣ ਵਾਲੀਆਂ ਨੰਬਰ ਪਲੇਟਾਂ ਦੇ ਕੰਮ ਦਾ ਵੀ ਉਦਘਾਟਨ ਕੀਤਾ। ਇੱਥੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਾ ਮੁਹਾਲੀ ਦੇ ਉਪਰਾਲਿਆਂ ਸਦਕਾ 18 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਨੰਬਰ ਪਲੇਟਾਂ ਲਗਾਈਆਂ ਜਾ ਰਹੀਆਂ ਹਨ।

ਇਸ ਮੌਕੇ ਸਮਾਜ ਸੇਵੀ ਰਾਜਾ ਮੁਹਾਲੀ ਅਤੇ ਉਨ੍ਹਾਂ ਦੀ ਪਤਨੀ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਇੱਥੇ ਆਉਣ ਤੇ ਮੇਅਰ ਦਾ ਸੁਆਗਤ ਕੀਤਾ। ਇਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੁਆਰਾ ਪੂਰੇ ਮੁਹਾਲੀ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ ਗਿਆ।