February 5, 2025
#ਪੰਜਾਬ

ਪੰਜਾਬ ‘ਚ ‘ਆਪ’ ਵਿਧਾਇਕ ‘ਤੇ ਅਪਰਾਧਿਕ ਮਾਮਲੇ ਲੁਕਾਉਣ ਦੇ ਦੋਸ਼, ਹਾਈ ਕੋਰਟ ਨੇ ਨੋਟਿਸ ਕੀਤਾ ਜਾਰੀ

ਚੰਡੀਗੜ੍ਹ : ਪਟਿਆਲਾ ਦੇ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ‘ਤੇ ਅਪਰਾਧਿਕ ਮਾਮਲਾ ਛੁਪਾਉਣ ਦੇ ਦੋਸ਼ ਲੱਗੇ ਹਨ। ਉਨ੍ਹਾਂ ਦੀ ਚੋਣ ਨੂੰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪਟੀਸ਼ਨ ‘ਤੇ ਹਾਈ ਕੋਰਟ ਨੇ ਹਰਮੀਤ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪਟੀਸ਼ਨ ਦਾਇਰ ਕਰਦੇ ਹੋਏ ਐਚ.ਪੀ.ਐਸ ਚੰਦੂਮਾਜਰਾ ਨੇ ਐਡਵੋਕੇਟ ਧੀਰਜ ਜੈਨ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਨਾਮਜ਼ਦਗੀ ਭਰਨ ਸਮੇਂ ਹਰ ਉਮੀਦਵਾਰ ਨੂੰ ਆਪਣੇ ਬਾਰੇ ਪੂਰੀ ਜਾਣਕਾਰੀ ਦੇਣੀ ਹੁੰਦੀ ਹੈ।

ਦਰਅਸਲ ਨਾਮਜ਼ਦਗੀ ਪੱਤਰ ਵਿੱਚ ਕਿਸੇ ਵੀ ਤਰੀਕੇ ਨਾਲ ਅਪਰਾਧਿਕ ਕੇਸ ਦੀ ਜਾਣਕਾਰੀ ਨੂੰ ਦਬਾਉਣ ਦੀ ਸੂਰਤ ਵਿੱਚ ਚੁਣੇ ਗਏ ਵਿਅਕਤੀ ਦੀ ਚੋਣ ਰੱਦ ਕੀਤੀ ਜਾ ਸਕਦੀ ਹੈ। ਪਟੀਸ਼ਨਰ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਹਰਮੀਤ ਸਿੰਘ ਨੇ ਉਸ ਅਪਰਾਧਿਕ ਮਾਮਲੇ ਦੇ ਵੇਰਵੇ ਦਰਜ ਨਹੀਂ ਕੀਤੇ, ਜਿਸ ਵਿਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਅਜਿਹਾ ਕਰਨ ਦੀ ਸੂਰਤ ਵਿੱਚ ਉਹ ਆਪਣੇ ਅਹੁਦੇ ’ਤੇ ਬਣੇ ਰਹਿਣ ਦੇ ਅਯੋਗ ਹੋ ਜਾਂਦੇ ਹਨ।

ਦਰਅਸਲ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਸਨੌਰ ਵਿਧਾਨ ਸਭਾ ਸੀਟ ਤੋਂ ਹਰਮੀਤ ਦੀ ਚੋਣ ਰੱਦ ਕੀਤੀ ਜਾਵੇ ਅਤੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਦਾ ਹੁਕਮ ਦਿੱਤਾ ਜਾਵੇ। ਹਾਈ ਕੋਰਟ ਨੇ ‘ਆਪ’ ਆਗੂ ਹਰਮੀਤ ਸਿੰਘ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ‘ਤੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।