ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਬਿਲਕੁਲ ਸਹੀ ਨਿਕਲੀ : ਰਾਤ ਪਈ ਬਾਰਸ਼ ਨੇ ਦਿਤੀ ਰਾਹਤ
ਚੰਡੀਗੜ੍ਹ : ਬੀਤੇ ਕਈ ਦਿਨਾਂ ਤੋਂ ਲੋਕ ਅਤਿ ਦੀ ਪੈ ਰਹੀ ਗਰਮੀ ਕਾਰਨ ਪ੍ਰੇਸ਼ਾਨ ਸਨ ਅਤੇ ਬਾਰਸ਼ ਦੀ ਉਡੀਕ ਕੀਤੀ ਜਾ ਰਹੀ ਸੀ। ਬੀਤੀ ਰਾਤ ਇਹ ਉਡੀਕ ਖ਼ਤਮ ਹੋ ਗਈ ਅਤੇ ਕਈ ਥਾਈ ਰੱਜ ਕੇ ਬਾਰਸ਼ ਪਈ। ਦਰਅਸਲ ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਬਿਲਕੁਲ ਸਹੀ ਨਿਕਲੀ ਹੈ। ਗਰਮੀ ਦੇ ਪ੍ਰਕੋਪ ਦੇ ਵਿਚਕਾਰ ਠੰਡੀਆਂ ਹਵਾਵਾਂ ਅਤੇ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਉਨ੍ਹਾਂ ਨੂੰ ਠੰਡਕ ਦਾ ਅਹਿਸਾਸ ਕਰਵਾਇਆ ਹੈ। ਐਤਵਾਰ ਦੇਰ ਰਾਤ ਪੰਜਾਬ ਭਰ ਵਿੱਚ ਭਾਰੀ ਮੀਂਹ ਪਿਆ। ਭਾਵੇਂ ਥੋੜ੍ਹੇ ਸਮੇਂ ਲਈ ਮੀਂਹ ਪਿਆ ਪਰ ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਅੱਜ ਵੀ ਆਸਮਾਨ ਵਿੱਚ ਬੱਦਲ ਛਾਏ ਰਹਿਣ ਅਤੇ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ।
ਮੀਂਹ ਤੋਂ ਬਾਅਦ ਸਵੇਰੇ ਤਾਪਮਾਨ ‘ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਤਾਪਮਾਨ 30-31 ਡਿਗਰੀ ਸੈਲਸੀਅਸ ਤੋਂ ਸਿੱਧਾ 25 ਅਤੇ 25 ਡਿਗਰੀ ਸੈਲਸੀਅਸ ‘ਤੇ ਆ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਭਰ ਆਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਦੁਪਹਿਰ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੱਕ ਚਲਾ ਜਾਵੇਗਾ। ਮੀਂਹ ਕਾਰਨ ਤਾਪਮਾਨ 8 ਡਿਗਰੀ ਤੱਕ ਡਿੱਗ ਗਿਆ ਹੈ।
ਅੱਜ ਦਿਨ ਵੇਲੇ ਗਰਮੀ ਦੀ ਥਾਂ ਠੰਢੀਆਂ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਕੁਝ ਥਾਵਾਂ ‘ਤੇ ਬੱਦਲ ਛਾਏ ਰਹਿਣ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ ਕੱਲ੍ਹ ਵੀ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਅਗੇਤੀ ਗਰਮੀ ਕਾਰਨ ਪਿਛਲੇ ਦਿਨਾਂ ਤੋਂ ਪਾਰਾ ਲਗਾਤਾਰ ਚੜ੍ਹ ਰਿਹਾ ਸੀ। ਇਸ ਦੌਰਾਨ ਪਾਰਾ 47 ਡਿਗਰੀ ਨੂੰ ਵੀ ਪਾਰ ਕਰ ਗਿਆ ਸੀ। ਇਸ ਦੇ ਨਾਲ ਹੀ ਮੀਂਹ ਕਾਰਨ ਬਿਜਲੀ ਨੂੰ ਲੈ ਕੇ ਸਰਕਾਰ ‘ਤੇ ਦਬਾਅ ਵੀ ਘੱਟ ਹੋਵੇਗਾ। ਮੌਸਮ ਵਿੱਚ ਹਲਕੀ ਠੰਢ ਕਾਰਨ ਲੋਕ ਏਸੀ ਦੀ ਘੱਟ ਵਰਤੋਂ ਕਰਨਗੇ ਅਤੇ ਬਿਜਲੀ ਦੀ ਮੰਗ ਵੀ ਘੱਟ ਹੋਵੇਗੀ।