ਮਜੀਠੀਆ ਖਿਲਾਫ ਗਵਾਹੀ ਦੇਣ ਵਾਲੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੂੰ ਮਿਲੀ ਧਮਕੀ
ਅੰਮ੍ਰਿਤਸਰ: ਬਿਕਰਮ ਸਿੰਘ ਮਜੀਠੀਆ ਵਿਰੁਧ ਗਵਾਹੀ ਦੇਣ ਵਾਲੇ ਨੂੰ ਅੱਜ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਸ ਨੂੰ ਧਮਕਾਇਆ ਗਿਆ। ਦਰਅਸਲ ਡਰੱਗ ਮਾਮਲੇ ‘ਚ ਗਵਾਹੀ ਦੇਣ ਵਾਲੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਮਿਲੀਆਂ ਹਨ। ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਧਮਕੀਭਰੀ ਫ਼ੋਨ ਕਾਨ ਅੰਤਰਰਾਸ਼ਟਰੀ ਨੰਬਰ ਤੋਂ ਆਈ ਸੀ ਜਿਸ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੂੰ ਅਮਰਪਾਲ ਸਿੰਘ ਬੋਨੀ ਨੇ ਦੱਸਿਆ ਕਿ ਉਹ ਸ਼ਨੀਵਾਰ ਦੁਪਹਿਰ ਨੂੰ ਆਪਣੇ ਰਣਜੀਤ ਐਵੀਨਿਊ ਵਾਲੇ ਘਰ ਵਿੱਚ ਆਰਾਮ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਇਕ ਅੰਤਰਰਾਸ਼ਟਰੀ ਮੋਬਾਈਲ ਨੰਬਰ ਤੋਂ ਮੋਬਾਈਲ ‘ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ‘ਗੱਬਰ’ ਵਜੋਂ ਦੱਸੀ ਤੇ ਅਮਰਪਾਲ ਸਿੰਘ ਬੋਨੀ ਨੂੰ ਬਿਕਰਮ ਮਜੀਠੀਆ ਵਿਰੁੱਧ ਗਵਾਹੀ ਦੇਣ ਵਿਰੁਧ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।
ਦੱਸ ਦੇਈਏ ਕਿ ਅਮਰਪਾਲ ਸਿੰਘ ਬੋਨੀ ਨੇ ਕੁਝ ਦਿਨ ਪਹਿਲਾਂ ਡਰੱਗ ਮਾਮਲੇ ‘ਚ SIT ਸਾਹਮਣੇ ਬਿਕਰਮ ਮਜੀਠੀਆ ਖਿਲਾਫ ਗਵਾਹੀ ਦਿੱਤੀ ਸੀ। ਧਮਕੀ ਤੋਂ ਬਾਅਦ ਬੋਨੀ ਦੀ ਸੁਰੱਖਿਆ ਲਈ ਚਾਰ ਹੋਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।