February 5, 2025
#ਦੇਸ਼ ਦੁਨੀਆਂ

ਹਰਨੇਕ ਨੇਕੀ ‘ਤੇ ਹਮਲਾ ਕਰਨ ਵਾਲੇ ਜਸਪਾਲ ਸਿੰਘ ਨੂੰ ਅਦਾਲਤ ਨੇ ਦਿਤੀ ਸਜ਼ਾ

ਔਕਲੈਂਡ: 23 ਦਸੰਬਰ 2020 ਦੀ ਰਾਤ ਹੋਏ ਹਮਲੇ ਦੌਰਾਨ ਹਰਨੇਕ ਸਿੰਘ ਨੇਕੀ ਗੰਭੀਰ ਜ਼ਖਮੀ ਹੋ ਗਿਆ ਸੀ। ਔਕਲੈਂਡ ਦੇ ਵਾਟਲ ਡਾਊਨਜ਼ ਇਲਾਕੇ ਦੀ ਗਲੈਨਰੋਸ ਡਰਾਈਵ ‘ਤੇ ਵਾਪਰੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਕਿਹਾ ਸੀ ਕਿ ਕਈ ਜਣਿਆਂ ਨੇ ਇਕੱਠੇ ਹੋ ਕੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਹੁਣ ਨਿਊਜ਼ੀਲੈਂਡ ਦੇ ਰੇਡੀਓ ਵਿਰਸਾ ਦੇ ਮਾਲਕ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਜਸਪਾਲ ਸਿੰਘ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਹੁਣ 41 ਸਾਲਾ ਜਸਪਾਲ ਸਿੰਘ ਇੱਕ ਸਾਲ ਬਾਅਦ ਪੈਰੋਲ ਦਾ ਹੱਕਦਾਰ ਹੋਵੇਗਾ। ਜਸਪਾਲ ਸਿੰਘ ਦੇ ਵਕੀਲ ਨੇ ਜਸਟਿਸ ਜੈਫ਼ਰੀ ਅੱਗੇ ਦਲੀਲਾਂ ਪੇਸ਼ ਕਰਦਿਆਂ ਕਿਹਾ ਕਿ ਉਹ ਧਾਰਮਿਕ ਬਿਰਤੀ ਵਾਲਾ ਇਨਸਾਨ ਹੈ ਅਤੇ ਧਰਮ ਨੇ ਹੀ ਉਸ ਨੂੰ ਸਿੱਧੇ ਰਾਹ ਪਾਇਆ ਜੋ ਜਵਾਨੀ ਵੇਲੇ ਭਟਕ ਗਿਆ ਸੀ। ਇਕ ਜ਼ਿੰਮੇਵਾਰ ਪਤੀ ਅਤੇ ਪਿਤਾ ਹੋਣ ਤੋਂ ਇਲਾਵਾ ਜਸਪਾਲ ਸਿੰਘ ਨੇ ਆਪਣੇ ਕਾਰੋਬਾਰ ਵਿਚ ਵੀ ਸਫ਼ਲਤਾ ਹਾਸਲ ਕੀਤੀ ਅਤੇ ਫਿਰ ਭਾਈਚਾਰੇ ਦੀ ਸੇਵਾ ਵਿਚ ਲੱਗ ਗਿਆ। ਪਰ ਅਫਸੋਸ ਵਾਲੀ ਗੱਲ ਇਹ ਰਹੀ ਕਿ ਸਿੱਖ ਧਰਮ ਬਾਰੇ ਇਤਰਾਜ਼ਯੋਗ ਗੱਲਾਂ ਉਸ ਤੋਂ ਬਰਦਾਸ਼ਤ ਨਾ ਹੋਈਆਂ ਅਤੇ ਉਸ ਨੇ ਗੰਭੀਰ ਘਟਨਾ ਨੂੰ ਅੰਜਾਮ ਦੇ ਦਿੱਤਾ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਨੇਕ ਨੇਕੀ ਅਕਸਰ ਹੀ ਸਿੱਖ ਇਤਿਹਾਸ ਬਾਰੇ ਗ਼ਲਤ ਬਿਆਨੀ ਕਰ ਰਿਹਾ ਸੀ ਜਿਸ ਕਾਰਨ ਸਿੱਖਾਂ ਵਿਚ ਰੋਸ ਲਗਾਤਾਰ ਵਧਦਾ ਗਿਆ। ਇਸ ਤੋਂ ਪਹਿਲਾਂ ਹਰਨੇਕ ਨੇਕੀ ਨੂੰ ਜੂਨ 2018 ‘ਚ ਪੰਥ ਵਿਚੋਂ ਛੇਕ ਦਿੱਤਾ ਗਿਆ। ਉਹ ਸਿੱਖ ਧਰਮ ਬਾਰੇ ਵਿਵਾਦਤ ਟਿੱਪਣੀਆਂ ਕਾਰਨ ਹੀ ਚਰਚਾ ਵਿਚ ਨਹੀਂ ਰਿਹਾ ਸਗੋਂ ਉਸ ਖਿਲਾਫ ਪੰਜਾਬੀ ਨੌਜਵਾਨਾਂ ਨਾਲ ਠੱਗੀ ਮਾਰਨ ਅਤੇ ਤੈਅਸ਼ੁਦਾ ਮਿਹਨਤਾਨ ਤੋਂ ਘੱਟ ਰਕਮ ਦੇਣ ਦੇ ਦੋਸ਼ ਵੀ ਲੱਗੇ।