ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਢੇਸੀ ਵੱਲੋਂ ਕੇਂਦਰੀ ਮੰਤਰੀਆਂ ਹਰਦੀਪ ਪੁਰੀ ਤੇ ਸੋਮ ਪ੍ਰਕਾਸ਼ ਨਾਲ ਮੁਲਾਕਾਤ
ਅੰਮ੍ਰਿਤਸਰ-ਲੰਦਨ ਵਿਚਾਲੇ ਸਿੱਧੀ ਉਡਾਣ ਲਈ ਪੰਜਾਬੀਆਂ ਦੀ ਚਿਰੋਕਣੀ ਮੰਗ ਪੂਰੀ ਕਰਨ ਲਈ ਕਿਹਾ
ਨਵੀਂ ਦਿੱਲੀ – ਬਰਤਾਨਵੀ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਕੇਂਦਰੀ ਸਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਵਣਜ ਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਉਨਾਂ ਨੇ ਮੰਤਰੀਆਂ ਨੂੰ ਬਰਤਾਨੀਆਂ ਵਿਖੇ ਵੱਡੀ ਗਿਣਤੀ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਖਹਸ ਕਰਕੇ ਪੰਜਾਬੀਆਂ ਵੱਲੋਂ ਅੰਮ੍ਰਿਤਸਰ ਅਤੇ ਲੰਦਨ ਦਰਮਿਆਨ ਸਿੱਧੀਆਂ ਹਵਾਈ ਉਡਾਣਾਂ ਸੁਰੂ ਕਰਨ ਲਈ ਲੰਬੇ ਸਮੇਂ ਤੋਂ ਲਟਕਦੀ ਮੰਗ ਬਾਰੇ ਜਾਗਰੂਕ ਕੀਤਾ। ਉਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਹੋਰ ਕੌਮਾਂਤਰੀ ਏਅਰ ਲਾਈਨਾਂ ਇਹ ਕੌਮਾਂਤਰੀ ਉਡਾਣਾ ਸ਼ੁਰੂ ਕਰਨ ਇਸ ਲਈ ਸਿੱਧੀਆਂ ਉਡਾਣਾਂ ਸੁਰੂ ਕਰਨ ਦੀ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਦੇਸ਼ ਦੀ ਰਾਸ਼ਟਰੀ ਕੰਪਨੀ ‘ਏਅਰ ਇੰਡੀਆ’ ਹੀ ਇਸ ਹਵਾਈ ਰਸਤੇ ‘ਤੇ ਉਡਾਨ ਦੀ ਸ਼ੁਰੂਆਤ ਕਰਕੇ ਅਗਵਾਈ ਕਰੇ ਜਿਸ ਦਾ ਯਾਤਰੀਆਂ ਲਈ ਬਹੁਤ ਲਾਭ ਹੋਵੇਗਾ।ਮੀਟਿੰਗ ਦੌਰਾਨ ਮੰਤਰੀ ਸੋਮ ਪ੍ਰਕਾਸ ਨੇ ਕਿਹਾ, “ਮੈਂ ਨਿਸਚਤ ਤੌਰ ‘ਤੇ ਦਿੱਲੀ-ਲੰਦਨ ਵਿਚਾਲੇ ਵਧੇਰੇ ਸਿੱਧੀਆਂ ਉਡਾਣਾਂ ਦੀ ਹਮਾਇਤ ਕਰਦਾ ਹਾਂ, ਕਿਉਂਕਿ ਇਸ ਨਾਲ ਪੰਜਾਬ ਅਤੇ ਗੁਆਂਢੀ ਰਾਜਾਂ ਵਿਚ ਵਪਾਰ, ਵਪਾਰ ਅਤੇ ਸੈਰ-ਸਪਾਟਾ ਨੂੰ ਹੁਲਾਰਾ ਮਿਲੇਗਾ। ਉਨਾਂ ਕਿਹਾ ਕਿ ਅਸੀਂ ਇਸ ਬਾਰੇ ਮੰਗ ਦੇ ਵੇਰਵਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਮੇਰੇ ਸਹਿਯੋਗੀ ਮੰਤਰੀ ਪੁਰੀ ਨੇ ਸੰਸਦ ਮੈਂਬਰ ਢੇਸੀ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਇਸ ਉਡਾਣ ਨੂੰ ਜਲਦੀ ਤੋਂ ਜਲਦੀ ਸੰਭਵ ਮੌਕੇ ਤਲਾਸ ਕੇ ਯਕੀਨੀ ਬਣਾਇਆ ਜਾਵੇ।”ਇਸ ਮੌਕੇ ਸਹਿਰੀ ਹਵਾਬਾਜੀ ਮੰਤਰੀ ਪੁਰੀ ਨੇ ਦੱਸਿਆ ਕਿ ਉਹ ਆਪਣੇ ਅਧਿਕਾਰੀਆਂ ਨਾਲ ਇਸ ਮਾਮਲੇ ਬਾਰੇ ਮੀਟਿੰਗ ਕਰਨਗੇ ਕਿ ਇਸ ਸਬੰਧੀ ਕੀ ਕੀਤਾ ਜਾ ਸਕਦਾ ਹੈ। ਉਹ ਨਿਸਚਤ ਰੂਪ ਵਿੱਚ ਚਾਹੁੰਦੇ ਹਨ ਕਿ ‘ਗੁਰੂ ਕੀ ਨਗਰੀ’ (ਗੁਰੂ ਦਾ ਸ਼ਹਿਰ) ਅੰਮ੍ਰਿਤਸਰ ਤਰੱਕੀ ਕਰਕੇ ਉੱਤਰ ਭਾਰਤ ਅਤੇ ਰਾਜਾਂ ਲਈ ਇੱਕ ਮਜਬੂਤ ਮੁੱਖ ਦੁਆਰ ਬਣੇ।ਸੰਸਦ ਮੈਂਬਰ ਢੇਸੀ, ਜਿਸਦਾ ਆਪਣਾ ਸੰਸਦੀ ਹਲਕਾ ਸਲੋਹ ਹੀਥਰੋ ਹਵਾਈ ਅੱਡੇ ਦੇ ਨੇੜੇ ਪੈਂਦਾ ਹੈ ਅਤੇ ਇੱਥੇ ਪੰਜਾਬੀਆਂ ਦੀ ਵੱਡੀ ਗਿਣਤੀ ਵਸਦੀ ਹੈ, ਨੇ ਦੋਵਾਂ ਮੰਤਰੀਆਂ ਦਾ ਸਮਾਂ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਤੋਂ ਮੈਂ ਪ੍ਰਵਾਸੀ ਭਾਈਚਾਰੇ ਦੀ ਇਸ ਜਾਇਜ ਮੰਗ ਨੂੰ ਭਾਰਤੀ ਮੰਤਰੀਆਂ ਕੋਲ ਲਗਾਤਰ ਉਠਾ ਰਿਹਾ ਹਾਂ, ਕਿਉਂਕਿ ਇੰਗਲੈਂਡ ਵਸਦੇ ਭਾਰਤੀ, ਖਾਸਕਰ ਬਜੁਰਗਾਂ ਅਤੇ ਛੋਟੇ ਬੱਚਿਆਂ ਦੇ ਨਾਲ ਪੰਜਾਬ ਪਰਤਦੇ ਹਨ, ਉਹ ਉਡਾਣ ਦੇ ਲੰਮੇ ਸਮੇਂ, ਰਸਤੇ ਵਿੱਚ ਠਹਿਰਾਓ ਅਤੇ ਹਵਾਈ ਜ਼ਹਾਜ਼ ਨੂੰ ਬਦਲਣ ਦੀ ਭਾਰੀ ਅਸੁਵਿਧਾ ਨਹੀਂ ਚਾਹੁੰਦੇ। ਅਜਿਹੀ ਸਿੱਧੀ ਉਡਾਣ ਦੋਵਾਂ ਦੇਸ਼ਾਂ ਦਰਮਿਆਨ ਵਪਾਰ, ਸੈਰ-ਸਪਾਟਾ ਅਤੇ ਸਭਿਆਚਾਰਕ ਸਬੰਧਾਂ ਨੂੰ ਵਧਾਉਣ ਦੇ ਨਾਲ-ਨਾਲ ਹਵਾਈ ਆਪਰੇਟਰਾਂ ਲਈ ਮੁਨਾਫਾਯੋਗ ਸਾਬਤ ਹੋਏਗੀ ਕਿਉਂਕਿ ਹਰ ਸਾਲ ਅੰਮ੍ਰਿਤਸਰ ਵਿਖੇ ਲੱਖਾਂ ਤੀਰਥ ਯਾਤਰੀ ਵੀ ਆਉਂਦੇ ਹਨ। ਉਨਾਂ ਮੰਤਰੀਆਂ ਨੂੰ ਇਹ ਵੀ ਕਿਹਾ ਕਿ ਇਹ ਸਿੱਧਾ ਹਵਾਈ ਰੂਟ ਸਮੇਂ ਦੀ ਮੰਗ ਹੈ ਅਤੇ ਵਿਸਵਵਿਆਪੀ ਵਪਾਰਕ ਕੇਂਦਰ ਲੰਦਨ ਅਤੇ ਅਧਿਆਤਮਕ ਕੇਂਦਰ ਅੰਮ੍ਰਿਤਸਰ ਵਿਚਕਾਰ ਸਿੱਧਾ ਸੰਪਰਕ ਜੁੜ ਜਾਵੇਗਾ ਜਿਸ ਦਾ ਸਭ ਨੂੰ ਲਾਭ ਹੋਵੇਗਾ।