January 15, 2025
#ਦੇਸ਼ ਦੁਨੀਆਂ

ਭਾਰਤ ਨਾਲ ਗੱਲਬਾਤ ਦੀ ਆਸ ਨਹੀਂ: ਇਮਰਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਅਮਨ ਦੀਆਂ ਕੋਸ਼ਿਸ਼ਾਂ ਪ੍ਰਤੀ ਭਾਰਤ ਨੇ ਕੋਈ ਠੋਸ ਹੁੰਗਾਰਾ ਨਹੀਂ ਭਰਿਆ। ਇਸ ਲਈ ਹੁਣ ਉਹ ਭਾਰਤ ਨਾਲ ਕਿਸੇ ਵੀ ਵਾਰਤਾ ਦੀ ਉਮੀਦ ਨਹੀਂ ਰੱਖਣਗੇ। ਦੂਜੇ ਪਾਸੇ ਨਵੀਂ ਦਿੱਲੀ ਨੇ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਇਸੇ ਦੌਰਾਨ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਸਾਲਸੀ ਦੀਆਂ ਕਈ ਪੇਸ਼ਕਸ਼ਾਂ ਹਨ, ਪਰ ਇਹ ਪ੍ਰਕਿਰਿਆ ਤਾਂ ਹੀ ਸਿਰੇ ਚੜ੍ਹ ਸਕਦੀ ਹੈ ਜੇਕਰ ਭਾਰਤ ਇਸ ਸਬੰਧੀ ਹਾਮੀ ਭਰੇ।ਇਸ ਮਹੀਨੇ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲਏ ਜਾਣ ਤੋਂ ਬਾਅਦ ਇਮਰਾਨ ਖਾਨ ਨੇ ਇੱਥੇ ਨਿਊਯਾਰਕ ਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਰਮਾਣੂ ਹਥਿਆਰਾਂ ਨਾਲ ਲੈਸ ਦੋ ਮੁਲਕਾਂ ਵਿਚਾਲੇ ਫੌਜੀ ਤਣਾਅ ਵਧਣ ਦਾ ਖਤਰਾ ਹੈ। ਉਨ੍ਹਾਂ ਕਿਹਾ, ‘ਭਾਰਤ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਮੇਰਾ ਮਤਲਬ, ਮੈਂ ਹਰ ਤਰ੍ਹਾਂ ਗੱਲਬਾਤ ਕਰ ਕੇ ਦੇਖ ਲਈ ਹੈ ਪਰ ਭਾਰਤ ਨੇ ਮੇਰੀ ਅਮਨ ਤੇ ਗੱਲਬਾਤ ਲਈ ਕੀਤੀ ਹਰ ਕੋਸ਼ਿਸ਼ ਨੂੰ ਪੁੱਠਾ ਪਾ ਦਿੱਤਾ।’ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਵੀ ਫਿਕਰ ਜ਼ਾਹਿਰ ਕੀਤਾ ਕਿ ਪਾਕਿਸਤਾਨ ਖ਼ਿਲਾਫ਼ ਫੌਜੀ ਕਾਰਵਾਈ ਕਰਨ ਲਈ ਭਾਰਤ ਕਸ਼ਮੀਰ ਅੰਦਰ ਕੋਈ ਵੀ ਗੜਬੜ ਕਰ ਸਕਦਾ ਹੈ। ਜੇਕਰ ਭਾਰਤ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਨੂੰ ਵੀ ਇਸ ਦਾ ਸਖਤ ਜਵਾਬ ਦੇਣ ਲਈ ਮਜਬੂਰ ਹੋਣਾ ਪਵੇਗਾ।ਦੂਜੇ ਪਾਸੇ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਦੂਤ ਹਰਸ਼ ਵਰਧਨ ਸ਼੍ਰਿੰਗਲਾ ਨੇ ਇਮਰਾਨ ਖਾਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ, ‘ਸਾਡਾ ਤਜਰਬਾ ਹੈ ਕਿ ਜਿੰਨੀ ਵਾਰ ਵੀ ਅਸੀਂ ਅਮਨ ਕਾਇਮ ਕਰਨ ਲਈ ਪਹਿਲਕਦਮੀ ਕੀਤੀ, ਇਸ ਦੇ ਸਾਨੂੰ ਮਾੜੇ ਨਤੀਜੇ ਹੀ ਭੁਗਤਣੇ ਪਏ ਹਨ।’ ਉਨ੍ਹਾਂ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਅਤਿਵਾਦ ਖ਼ਿਲਾਫ਼ ਜ਼ਿੰਮੇਵਾਰੀ ਨਾਲ ਕਾਰਵਾਈ ਕਰੇ।’ ਉਨ੍ਹਾਂ ਪਾਕਿਸਤਾਨ ’ਤੇ ਅਤਿਵਾਦ ਨੂੰ ਪਨਾਹ ਦੇ ਕੇ ਜੰਮੂ ਕਸ਼ਮੀਰ ’ਚ ਦਹਿਸ਼ਤੀ ਗਤੀਵਿਧੀਆਂ ਚਲਾਉਣ ਦਾ ਦੋਸ਼ ਲਗਾਇਆ। ਕਸ਼ਮੀਰ ਦੀ ਮੌਜੂਦਾ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਉਹ ਹਾਲਾਤ ਆਮ ਹੋਣ ਜਾਣ ਦੀ ਉਡੀਕ ਕਰ ਰਹੇ ਹਨ ਤੇ ਪਾਬੰਦੀਆਂ ’ਚ ਢਿੱਲ ਜ਼ਮੀਨੀ ਹਾਲਾਤ ਅਨੁਸਾਰ ਦਿੱਤੀ ਜਾਵੇਗੀ। ਪਾਕਿਸਤਾਨ ਦੇ ਜੰਗ ਸਬੰਧੀ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਕੋਈ ਵੀ ਜੰਗ ਜਿਹੇ ਹਾਲਾਤ ਨਹੀਂ ਲੱਗਦੇ।