January 22, 2025

ਬਲਬੀਰ ਸਿੰਘ ਸਿੱਧੂ ਨੇ 87 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਦੂਰ-ਦਰਾਡੇ ਇਲਾਕਿਆਂ ’ਚ ਸਪੈਸ਼ਲਿਸਟ ਡਾਕਟਰਾਂ ਨੂੰ 20 ਹਜ਼ਾਰ ਰੁਪਏ ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਪੈਸ਼ਲ ਏਰੀਆ ਇੰਨਸੈਨਟਿਵ ਦਿੱਤਾ ਜਾ ਰਿਹਾ: ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ – ਅੱਜ ਇੱਥੇ ਮੋਹਾਲੀ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ 87 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ।ਇਸ ਮੌਕੇ ’ਤੇ ਸ. ਬਲਬੀਰ ਸਿੰਘ ਸਿੱਧੂ ਨੇ ਨਵ-ਨਿਯੁਕਤ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਤਰਜੀਹ ਸਿੱਖਿਆ ਤੇ ਸਿਹਤ ਵਿਭਾਗ ਨੂੰ ਦਿੱਤੀ ਜਾ ਰਹੀ ਹੈ। ਇਸ ਦੇ ਚੱਲਦੇ ਪੰਜਾਬ ਵਿੱਚ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ।ਸਿਹਤ ਮੰਤਰੀ ਨੇ ਕਿਹਾ ਕਿ ਅੱਜ ਕੁੱਲ 87 ਮਾਹਿਰ ਡਾਕਟਰਾਂ ਵਿੱਚ 37 ਔਰਤਾਂ ਦੇ ਮਾਹਿਰ ਡਾਕਟਰ, 23 ਬੱਚਿਆਂ ਦੇ ਮਾਹਿਰ ਡਾਕਟਰ, 9 ਮੈਡੀਸਨ ਸਪੈਸ਼ਲਿਸਟ, 10 ਸਰਜਨ, 5 ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਤੇ 3 ਡੀ.ਐਨ.ਬੀ ਕੰਸਲਟੈਂਟ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਲ 2017-18 ਤੋਂ ਹੁਣ ਤੱਕ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ 3100 ਦੇ ਕਰੀਬ ਮੈਡੀਕਲ, ਪੈਰਾ-ਮੈਡੀਕਲ ਅਤੇ ਹੋਰ ਸਟਾਫ ਦੀ ਭਰਤੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਅਧੀਨ ਹੈ।ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਨੈਸ਼ਨਲ ਹੈਲਥ ਮਿਸ਼ਨ ਤਹਿਤ ਮਾਹਿਰ ਡਾਕਟਰਾਂ ਦੀ ਤਨਖਾਹ 70 ਹਜ਼ਾਰ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਪਹਿਲਾਂ ਤੋਂ ਸੇਵਾਵਾਂ ਨਿਭਾ ਰਹੇ ਮਾਹਿਰ ਡਾਕਟਰਾਂ ਦੀ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਪੰਜਾਬ ਰਾਜ ਦੇ ਕਈ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਮਾਹਿਰ ਡਾਕਟਰਾਂ ਨੂੰ ਸਿਹਤ ਸੇਵਾਵਾਂ ਦੇਣ ਲਈ 20 ਹਜ਼ਾਰ ਰੁਪਏ ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਪੈਸ਼ਲ ਏਰੀਆ ਇੰਨਸੈਨਟਿਵ ਵੀ ਦਿੱਤਾ ਜਾ ਰਿਹਾ ਹੈ ਅਤੇ ਜਿਸਦੇ ਚੱਲਦੇ ਪਹਿਲਾਂ ਨਾਲੋਂ ਵਧੇਰੇ ਮਾਹਿਰ ਡਾਕਟਰਾਂ ਨੇ ਸੂਬੇ ਦੇ ਦੂਰ ਦੁਰਾਡੇ ਦੇ ਖੇਤਰ ਖਾਸ ਤੌਰ ’ਤੇ ਬਾਰਡਰ ਖੇਤਰਾਂ ਵਿੱਚ ਵੀ ਆਪਣੀਆਂ ਸੇਵਾਵਾਂ ਦੇਣ ਲਈ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਸੰਸਥਾਗਤ ਜਣੇਪੇ ਨੂੰ ਵਧਾਉਣ ਲਈ ਮਾਹਿਰ ਡਾਕਟਰਾਂ ਨੂੰ ਵਿਸ਼ੇਸ਼ ਲਾਭ ਦਿੱਤਾ ਗਿਆ ਹੈ।ਸਿਹਤ ਮੰਤਰੀ ਨੇ ਕਿਹਾ ਸੂਬੇ ਦੇ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀ ਤੈਨਾਤੀ ਨੂੰ ਯਕੀਨੀ ਬਨਾਉਣ ਲਈ ਪੰਜਾਬ ਸਰਕਾਰ ਜਲਦ ਰਿਟਾਇਰਡ ਡਾਕਟਰਾਂ ਨੂੰ ਮੁੜ੍ਹ ਨਿਯੁਕਤ ਕਰਨ ਲਈ ਨਵੀਂ ਨੀਤੀ ਲਿਆ ਰਹੀ ਹੈ ਜਿਸ ਤਹਿਤ ਰਿਟਾਇਰਡ ਡਾਕਟਰਾਂ ਨੂੰ ਉਨ੍ਹਾਂ ਦੀ ਅਖੀਰਲੀ ਜਾਰੀ ਤਨਖਾਹ ਵਿਚੋਂ ਪੈਨਸ਼ਨ ਕੱਟ ਕੇ ਬਣਦੀ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬ ਵਿੱਚ ਮਾਹਿਰ ਡਾਕਟਰਾਂ ਦੀ ਕਮੀ ਨੂੰ ਜਲਦ ਯਕੀਨੀ ਤੌਰ ’ਤੇ ਪੂਰਾ ਲਰ ਲਿਆ ਜਾਵੇਗਾ।ਇਸ ਮੌਕੇ ਤੇ ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਸ਼੍ਰੀ ਕੁਮਾਰ ਰਾਹੁਲ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਅਵਨੀਤ ਕੌਰ, ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਡਾ. ਰੀਟਾ ਭਾਰਦਵਾਜ, ਡਾ. ਬਲਵਿੰਦਰ ਸਿੰਘ ਓ.ਐਸ.ਡੀ. ਤੇ ਮੈਨੈਜਰ ਐਚ.ਆਰ. ਸ਼੍ਰੀਮਤੀ ਦੀਪ ਸ਼ਿਖਾ ਮੌਜੂਦ ਸਨ।