ਤਾਲਿਬਾਨ ਹਮਲੇ ਵਿੱਚ 48 ਹਲਾਕ, 80 ਜ਼ਖ਼ਮੀ
ਕਾਬੁਲ – ਅਫਗਾਨਿਸਤਾਨ ’ਚ ਅੱਜ ਤਾਲਿਬਾਨ ਵੱਲੋਂ ਕੀਤੇ ਗਏ ਦੋ ਆਤਮਘਾਤੀ ਹਮਲਿਆਂ ’ਚ 48 ਵਿਅਕਤੀਆਂ ਦੀ ਮੌਤ ਹੋ ਗਈ ਤੇ 80 ਵਿਅਕਤੀ ਜ਼ਖ਼ਮੀ ਹੋ ਗਏ। ਪਹਿਲਾ ਹਮਲਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੀ ਚੋਣ ਰੈਲੀ ਨੇੜੇ ਹੋਇਆ ਪਰ ਇਸ ਹਮਲੇ ’ਚ ਉਨ੍ਹਾਂ ਦਾ ਬਚਾਅ ਹੋ ਗਿਆ। ਇਹ ਹਮਲਾ ਦੇਸ਼ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ 11 ਦਿਨ ਪਹਿਲਾਂ ਹੋਇਆ ਹੈ। ਅਸ਼ਰਫ਼ ਗ਼ਨੀ 28 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਪਰਵਾਨ ਸੂਬੇ ਦੀ ਰਾਜਧਾਨੀ ਚਰੀਕਾਰ ’ਚ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਸੇ ਦੌਰਾਨ ਇੱਕ ਆਤਮਘਾਤੀ ਹਮਲਾਵਰ ਨੇ ਭੀੜ ’ਚ ਧਮਾਕਾ ਕਰ ਦਿੱਤਾ। ਪਰਵਾਨ ਦੇ ਸੂਬਾਈ ਹਸਪਤਾਲ ਦੇ ਮੁਖੀ ਅਬਦੁਲ ਕਾਸਿਮ ਸੰਗਿਨ ਨੇ ਕਿਹਾ ਕਿ ਇਸ ਹਮਲੇ ’ਚ 26 ਵਿਅਕਤੀਆਂ ਦੀ ਮੌਤ ਹੋ ਗਈ ਅਤੇ 42 ਦੇ ਕਰੀਬ ਜ਼ਖ਼ਮੀ ਹੋਏ ਹਨ। ਇਸੇ ਤਰ੍ਹਾਂ ਕੇਂਦਰੀ ਰਾਜਧਾਨੀ ਕਾਬੁਲ ’ਚ ਹੋਏ ਦੂਜੇ ਧਮਾਕੇ ਵਿੱਚ 22 ਵਿਅਕਤੀਆਂ ਦੀ ਮੌਤ ਹੋ ਗਈ ਤੇ 58 ਜ਼ਖ਼ਮੀ ਹੋ ਗਏ। ਹਸਪਤਾਲ ’ਚ ਦਾਖਲ ਜ਼ਖ਼ਮੀ ਮੁਸਤਫਾ ਗ਼ਿਆਸੀ ਨੇ ਕਿਹਾ ਕਿ ਉਹ ਭਰਤੀ ਕੇਂਦਰ ਦੇ ਮੁੱਖ ਗੇਟ ’ਤੇ ਇੰਤਜ਼ਾਰ ਕਰ ਰਿਹਾ ਸੀ। ਉਸ ਦੇ ਅੱਗੇ ਦੋ ਹੀ ਵਿਅਕਤੀ ਸਨ ਕਿ ਇਸੇ ਦੌਰਾਨ ਇੱਕ ਜ਼ੋਰਦਾਰ ਧਮਾਕਾ ਹੋ ਗਿਆ। ਇਨ੍ਹਾਂ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ।