ਮੁਸ਼ੱਰਫ ਨੂੰ ਬਿਆਨ ਦਰਜ ਕਰਾਉਣ ਲਈ 5 ਦਸੰਬਰ ਤੱਕ ਦੀ ਮੋਹਲਤ
ਇਸਲਾਮਾਬਾਦ – ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਅੱਜ ਸਾਬਕਾ ਤਾਨਾਸ਼ਾਹ ਜਨਰਲ (ਸੇਵਾਮੁਕਤ) ਪਰਵੇਜ਼ ਮੁਸ਼ੱਰਫ ਨੂੰ ਦੇਸ਼ਧ੍ਰੋਹ ਮਾਮਲੇ ਸਬੰਧੀ 5 ਦਸੰਬਰ ਤੱਕ ਆਪਣੇ ਬਿਆਨ ਦਰਜ ਕਰਾਉਣ ਦੀ ਆਗਿਆ ਦਿੱਤੀ ਹੈ। ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਕੇਵਲ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰੇਗੀ ਅਤੇ ਉਹ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਣ ਦੇ ਪਾਬੰਦ ਨਹੀਂ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਦੁਬਈ ਵਿੱਚ ਰਹਿ ਰਹੇ ਮੁਸ਼ੱਰਫ ਅਤੇ ਪਾਕਿਸਤਾਨ ਸਰਕਾਰ ਵਲੋਂ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਤੋਂ ਬਾਅਦ ਵਿਸ਼ੇਸ਼ ਅਦਾਲਤ ਨੂੰ ਫ਼ੈਸਲਾ ਦੇਣ ਤੋਂ ਰੋਕਿਆ ਸੀ ਅਤੇ ਨਾਲ ਹੀ ਹਦਾਇਤਾਂ ਦਿੱਤੀਆਂ ਸਨ ਕਿ ਨਿਰਪੱਖ ਫ਼ੈਸਲੇ ਲਈ ਸਾਰੀਆਂ ਧਿਰਾਂ ਦੀ ਸੁਣਵਾਈ ਕੀਤੀ ਜਾਵੇ। ਵਿਸ਼ੇਸ਼ ਅਦਾਲਤ ਨੇ ਅੱਜ ਕਿਹਾ ਕਿ ਉਹ ਕੇਵਲ ਸੁਪਰੀਮ ਕੋਰਟ ਦੇ ਆਦੇਸ਼ ਮੰਨਣ ਦੇ ਪਾਬੰਦ ਹਨ, ਕਿਸੇ ਹਾਈ ਕੋਰਟ ਦੇ ਨਹੀਂ।






