ਭਾਰਤ-ਵਿੰਡੀਜ਼ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲੇ ਦਾ ਫੈਸਲਾ
ਫੀਲਡਿੰਗ ਅਤੇ ਬੱਲੇਬਾਜ਼ੀ ਵਿਭਾਗ ਦੀਆਂ ਆਪਣੀਆਂ ਕਮਜ਼ੋਰੀਆਂ ਤੋਂ ਸਬਕ ਲੈਂਦੇ ਹੋਏ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਵੈਸਟਇੰਡੀਜ਼ ਵਿਰੁੱਧ ਮੁੰਬਈ ਦੇ ਵਾਨਖੇੜੇ ਮੈਦਾਨ ‘ਤੇ ਤੀਜੇ ਅਤੇ ਆਖਰੀ ਟੀ-20 ਮੈਚ ਵਿਚ ‘ਕਰੋ ਜਾਂ ਮਰੋ’ ਦੀ ਸਥਿਤੀ ਵਿਚ ਉਤਰੇਗੀ, ਜਿੱਥੇ ਦੋਵਾਂ ਟੀਮਾਂ ਲਈ ਸੀਰੀਜ਼ ਦਾਅ ‘ਤੇ ਹੋਵੇਗੀ। ਭਾਰਤ ਨੇ ਹੈਦਰਾਬਾਦ ਵਿਚ ਪਹਿਲੇ ਟੀ-20 ਮੈਚ ਵਿਚ 6 ਵਿਕਟਾਂ ਨਾਲ ਜਿੱਤ ਆਪਣੇ ਨਾਂ ਕਰਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ ਸੀ ਪਰ ਦੂਜੇ ਮੈਚ ਵਿਚ ਵੈਸਟਇੰਡੀਜ਼ ਨੇ ਮੇਜ਼ਬਾਨ ਟੀਮ ਦੀ ਖਰਾਬ ਫੀਲਡਿੰਗ ਅਤੇ ਹੇਠਲੇ ਕ੍ਰਮ ਦੀ ਖਰਾਬ ਬੱਲੇਬਾਜ਼ੀ ਵਰਗੀਆਂ ਕਮੀਆਂ ਦਾ ਬਾਖੂਬੀ ਲਾਭ ਉਠਾਉਂਦੇ ਹੋਏ ਤਿਰੂਅਨੰਤਪੁਰਮ ਵਿਚ ਇਹ ਮੈਚ 8 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ।ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਲਈ ਹੁਣ ਸੀਰੀਜ਼ ਹਾਸਲ ਕਰਨ ਲਈ ਵਿੰਡੀਜ਼ ਨੂੰ ਮੁੰਬਈ ਵਿਚ ਬੁੱਧਵਾਰ ਨੂੰ ਹੋਣ ਵਾਲੇ ਫੈਸਲਾਕੁੰਨ ਮੁਕਾਬਲੇ ਵਿਚ ਹਰ ਹਾਲ ਵਿਚ ਹਰਾਉਣਾ ਪਵੇਗਾ, ਜਦਕਿ ਦੋ ਵਾਰ ਦੀ ਟੀ-20 ਵਿਸ਼ਵ ਚੈਂਪੀਅਨ ਵਿੰਡੀਜ਼ ਹਰ ਹਾਲ ਵਿਚ ਇਸ ਮੈਚ ਨੂੰ ਜਿੱਤ ਕੇ ਖੁਦ ਨੂੰ ਇਸ ਸਵਰੂਪ ਦੀ ਸਰਵਸ੍ਰੇਸ਼ਠ ਟੀਮ ਐਲਾਨ ਕਰਨਾ ਚਾਹੇਗੀ। ਭਾਰਤੀ ਟੀਮ ਦਾ ਦੂਜੇ ਟੀ-20 ਮੈਚ ਵਿਚ ਪ੍ਰਦਰਸ਼ਨ ਸਵਾਲਾਂ ਦੇ ਘੇਰੇ ਵਿਚ ਰਿਹਾ ਸੀ ਅਤੇ ਖੁਦ ਕਪਤਾਨ ਵਿਰਾਟ ਨੇ ਟੀਮ ਦੀ ਫੀਲਡਿੰਗ ਨੂੰ ਖਰਾਬ ਦੱਸਦੇ ਹੋਏ ਕਿਹਾ ਸੀ ਕਿ ਲਗਾਤਾਰ ਦੋ ਮੈਚਾਂ ਵਿਚ ਉਸਦੇ ਖਿਡਾਰੀਆਂ ਨੇ ਜਿਸ ਤਰ੍ਹਾਂ ਨਾਲ ਕੈਚ ਛੱਡੇ ਹਨ, ਉਹ ਦੇਖਣਾ ਕਾਫੀ ਨਿਰਾਸ਼ਾਜਨਕ ਹੈ।ਭਾਰਤ ਜੇਕਰ ਫਟਾਫਟ ਸਵਰੂਪ ਦੀ ਮਾਹਿਰ ਮੰਨੀ ਜਾਣ ਵਾਲੀ ਵੈਸਟਇੰਡੀਜ਼ ਤੋਂ ਸੀਰੀਜ਼ ਜਿੱਤਣਾ ਚਾਹੁੰਦਾ ਹੈ ਤਾਂ ਉਸਦੇ ਲਈ ਮੁੰਬਈ ਵਿਚ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਲੈਣਾ ਪਵੇਗਾ। ਟੀਮ ਨੂੰ ਆਪਣੇ ਨੌਜਵਾਨਾਂ ਤੋਂ ਬਿਹਤਰ ਖੇਡ ਦੀ ਉਮੀਦ ਹੈ ਅਤੇ ਇਸ ਫੈਸਲਾਕੁੰਨ ਮੁਕਾਬਲੇ ਵਿਚ ਇਕ ਵਾਰ ਫਿਰ ਨੌਜਵਾਨ ਆਫ ਸਪਿਨਰ ਸੁੰਦਰ, ਆਲਚੋਨਾਵਾਂ ਵਿਚ ਘਿਰੇ ਰਹਿਣ ਵਾਲੇ ਵਿਕਟਕੀਪਰ ਪੰਤ ‘ਤੇ ਨਜ਼ਰਾਂ ਰਹਿਣਗੀਆਂ। ਦੂਜੇ ਪਾਸੇ ਵਿੰਡੀਜ਼ ਦੇ ਚੋਟੀਕ੍ਰਮ ਦੇ ਬੱਲੇਬਾਜ਼ ਕਮਾਲ ਦੀ ਫਾਰਮ ਵਿਚ ਹਨ।






