ਅੰਡਰ-19 ਵਿਸ਼ਵ ਕੱਪ ਭਾਰਤ ਦੀ ਆਸਟਰੇਲੀਆ ਨਾਲ ਟੱਕਰ ਅੱਜ
ਭਾਰਤ ਅਤੇ ਆਸਟਰੇਲੀਆ ਦੀਆਂ ਜੂਨੀਅਰ ਟੀਮਾਂ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਮੰਗਲਵਾਰ ਨੂੰ ਇੱਥੇ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਦਾਨ ਵਿੱਚ ਦੋਵਾਂ ਟੀਮਾਂ ਵਿਚਾਲੇ ਦਿਲਚਸਪ ਮੁਕਾਬਲੇ ਤੋਂ ਇਲਾਵਾ ਕਲਾਈ ਦੇ ਸਪਿੰਨਰਾਂ ਰਵੀ ਬਿਸ਼ਨੋਈ ਅਤੇ ਤਨਵੀਰ ਸੰਘਾ ਵਿਚਾਲੇ ਰੌਚਕ ਟੱਕਰ ਵੇਖਣ ਨੂੰ ਮਿਲੇਗੀ। ਇੱਕ ਰੋਜ਼ਾ ਕ੍ਰਿਕਟ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਕਲਾਈ ਦੇ ਸਪਿੰਨਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਜੂਨੀਅਰ ਕ੍ਰਿਕਟ ਵੀ ਉਸ ਤੋਂ ਪਿੱਛੇ ਨਹੀਂ ਹੈ। ਜਿੱਥੇ ਬਿਸ਼ਨੋਈ ਟੂਰਨਾਮੈਂਟ ਦਾ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ ਸਾਬਤ ਹੋਇਆ ਹੈ ਅਤੇ ਉਹ ਆਸਟਰੇਲਿਆਈ ਟੀਮ ਖ਼ਿਲਾਫ਼ ਆਪਣੀ ਟੀਮ ਦਾ ਪੱਲੜਾ ਭਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਬਿਸ਼ਨੋਈ ਨੇ ਹੁਣ ਤੱਕ ਤਿੰਨ ਮੈਚਾਂ ਵਿੱਚ ਦਸ ਵਿਕਟਾਂ ਲਈਆਂ ਹਨ।ਇਸ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 30 ਦੌੜਾਂ ਦੇ ਕੇ ਚਾਰ ਵਿਕਟਾਂ ਲੈਣ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਸ਼ਾਮਲ ਹੈ। ਇਸ ਨਾਲ ਬਿਸ਼ਨੋਈ ਨੇ ਸਾਬਤ ਕਰ ਦਿੱਤਾ ਕਿ ਅਖ਼ੀਰ ਆਈਪੀਐੱਲ ਨਿਲਾਮੀ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੇ ਉਨ੍ਹਾਂ ’ਤੇ ਦੋ ਕਰੋੜ ਰੁਪਏ ਕਿਉਂ ਖ਼ਰਚ ਕੀਤੇ ਸਨ। ਅੰਕੜਿਆਂ ਦੇ ਹਿਸਾਬ ਨਾਲ ਸੰਘਾ ਵੀ ਬਿਸ਼ਨੋਈ ਤੋਂ ਪਿੱਛੇ ਨਹੀਂ ਅਤੇ ਉਸ ਨੇ ਵੀ ਹੁਣ ਤੱਕ ਦਸ ਵਿਕਟਾਂ ਲਈਆਂ ਹਨ, ਜਿਸ ਵਿੱਚ ਉਸ ਦਾ ਸਰਵੋਤਮ ਪ੍ਰਦਰਸ਼ਨ 14 ਦੌੜਾਂ ਦੇ ਕੇ ਪੰਜ ਵਿਕਟਾਂ ਹੈ, ਜੋ ਉਸ ਨੇ ਨਾਇਜੀਰੀਆ ਖ਼ਿਲਾਫ਼ ਕੀਤਾ ਸੀ। ਭਾਰਤੀ ਮੂਲ ਦੇ ਇਸ ਆਸਟਰੇਲਿਆਈ ਖਿਡਾਰੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਵੀ ਚਾਰ ਵਿਕਟਾਂ ਲਈਆਂ ਸਨ ਅਤੇ ਇੰਗਲੈਂਡ ਖ਼ਿਲਾਫ਼ ਉਸ ਨੇ ਇੱਕ ਵਿਕਟ ਹਾਸਲ ਕੀਤੀ ਸੀ।






