ਸਮਰਾਲਾ ਪੁਲਸ ਵੱਲੋਂ 2 ਭੁੱਕੀ ਤਸਕਰ ਗ੍ਰਿਫ਼ਤਾਰ
ਸਮਰਾਲਾ – ਸਥਾਨਕ ਪੁਲਸ ਨੇ ਅੱਜ ਦੋ ਹੋਰ ਭੁੱਕੀ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜਿਆ ਹੈ। ਐੱਸ.ਐੱਚ.ਓ. ਸਮਰਾਲਾ ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਰਾਜੇਵਾਲ ਕੋਲ ਜਾ ਰਹੀ ਸੀ ਤਾਂ ਉੱਥੇ ਪੈਟਰੋਲ ਪੰਪ ਨੇੜੇ ਇੱਕ ਟਰੱਕ ਖੜ੍ਹਾ ਸੀ। ਇਸ ਟਰੱਕ ਦਾ ਚਾਲਕ ਡਰਾਇਵਰ ਸਾਈਡ ਦੀ ਖਿੜਕੀ ਖੋਲ੍ਹ ਕੇ ਹੇਠਾਂ ਖੜ੍ਹੇ ਇੱਕ ਹੋਰ ਵਿਅਕਤੀ ਨੂੰ ਚਿੱਟੇ ਰੰਗ ਦਾ ਥੈਲਾ ਫੜ੍ਹਾ ਰਿਹਾ ਸੀ ਕਿ ਅਚਾਨਕ ਪੁਲਸ ਨੂੰ ਵੇਖ਼ ਕੇ ਹੇਠਾਂ ਖੜ੍ਹੇ ਵਿਅਕਤੀ ਹੱਥੋਂ ਘਬਰਾਹਟ ਵਿੱਚ ਇਹ ਥੈਲਾ ਸੜਕ ਉੱਤੇ ਡਿਗ ਪਿਆ। ਥੈਲਾ ਡਿਗਣ ‘ਤੇ ਉਸ ਵਿੱਚੋਂ ਭੁੱਕੀ ਚੂਰਾ ਪੋਸਤ ਨਿੱਕਲ ਕੇ ਸੜਕ ‘ਤੇ ਖਿੱਲਰ ਗਈ। ਇਸ ‘ਤੇ ਪੁਲਸ ਪਾਰਟੀ ਨੇ ਦੋਵੇਂ ਵਿਅਕਤੀਆਂ, ਜਿਨ੍ਹਾਂ ਦੀ ਪਹਿਚਾਣ ਸਤਨਾਮ ਸਿੰਘ ਵਾਸੀ ਪਿੰਡ ਬਗਲੀ ਅਤੇ ਅਮਨਦੀਪ ਸਿੰਘ ਵਾਸੀ ਪਿੰਡ ਅਜਲੌਦ, ਨੂੰ ਗ੍ਰਿਫ਼ਤਾਰ ਕਰਕੇ ਜਦੋਂ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 5 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਪੁਲਸ ਨੇ ਦੋਵੇਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ।






