ਦੀਪਿਕਾ ਪਾਦੂਕੋਨ ਅਗਲੀ ਫਿਲਮ ’ਚ ਨਿਭਾਏਗੀ ਦਰੋਪਦੀ ਦਾ ਕਿਰਦਾਰ
ਔਰਤਾਂ ਦੇ ਨਜ਼ਰੀਏ ਤੋਂ ਮਹਾਭਾਰਤ ਦੀ ਕਹਾਣੀ ’ਤੇ ਅਧਾਰਿਤ ਬਣ ਰਹੀ ਫਿਲਮ ’ਚ ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦਰੋਪਦੀ ਦਾ ਕਿਰਦਾਰ ਨਿਭਾਏਗੀ। ਫਿਲਮ ‘ਛਪਾਕ’ ਤੋਂ ਨਿਰਮਾਤਾ ਬਣੀ ਦੀਪਿਕਾ ਇਹ ਫਿਲਮ ਮਧੂ ਮੰਟੇਨਾ ਨਾਲ ਮਿਲ ਕੇ ਬਣਾਏਗੀ।ਦੀਪਿਕਾ ਨੇ ਆਪਣੇ ਇਕ ਬਿਆਨ ’ਚ ਕਿਹਾ, ‘‘ਇਸ ਫਿਲਮ ’ਚ ਮਹਾਭਾਰਤ ਦੀ ਕਹਾਣੀ ਦਰੋਪਦੀ ਦੇ ਨਜ਼ਰੀਏ ਤੋਂ ਸੁਣਾਈ ਜਾਵੇਗੀ ਅਤੇ ਇਸ ਫਿਲਮ ਰਾਹੀਂ ਮਹਾਭਾਰਤ ਦੇ ਨਵੇਂ ਤੱਥਾਂ ਨੂੰ ਉਜਾਗਰ ਕੀਤਾ ਜਾਵੇਗਾ। ਮੈਂ ਇਸ ਫਿਲਮ ’ਚ ਦਰੋਪਦੀ ਦੀ ਭੂਮਿਕਾ ਨਿਭਾਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਤੇ ਮਾਣ ਮਹਿਸੂਸ ਕਰ ਰਹੀ ਹਾਂ। ਮੇਰਾ ਮੰਨਣਾ ਹੈ ਕਿ ਇਹ ਰੋਲ ਉਮਰ ਭਰ ਯਾਦ ਰਹੇਗਾ। ਭਾਵੇਂ ਮਹਾਭਾਰਤ ਇਕ ਮਿਥਿਹਾਸਕ ਕਹਾਣੀ ਵਜੋਂ ਪ੍ਰਚੱਲਿਤ ਹੈ, ਪਰ ਜ਼ਿੰਦਗੀ ਦੇ ਕਾਫੀ ਸਬਕ ਮਹਾਭਾਰਤ ਤੇ ਜ਼ਿਆਦਾਤਰ ਇਸ ਦੇ ਪੁਰਸ਼ਾਂ ਦੇ ਕਿਰਦਾਰਾਂ ਤੋਂ ਮਿਲਦੇ ਹਨ।’’ਮੰਟੇਨਾ ਨੇ ਕਿਹਾ, ‘‘ਦਰੋਪਦੀ ਸਾਡੇ ਦੇਸ਼ ਦੇ ਸਾਹਿਤਕ ਇਤਿਹਾਸ ਦੀ ਸਭ ਤੋਂ ਪ੍ਰਮੁੱਖ ਨਾਇਕਾ ਹੈ। ਦੀਪਿਕਾ ਅੱਜ ਦੇ ਸਮੇਂ ਨਾ ਸਿਰਫ਼ ਇਕ ਵੱਡੀ ਅਦਾਕਾਰਾ ਹੈ ਬਲਕਿ ਉਹ ਸ਼ਖ਼ਸੀਅਤ ਹੈ ਜੋ ਇਸ ਕਹਾਣੀ ਨੂੰ ਸਰਹੱਦੋਂ ਪਾਰ ਲੈ ਕੇ ਜਾ ਸਕਦੀ ਹੈ।






