February 5, 2025
#ਮਨੋਰੰਜਨ

ਸਮਾਜਿਕ ਅਲਾਮਤਾਂ ਵਿਰੁੱਧ ਨਿੱਗਰ ਸੁਨੇਹਾ ਦੇਵੇਗੀ ‘ਮਰਦਾਨੀ 2’: ਰਾਣੀ

ਮੁੰਬਈ – ਅਦਾਕਾਰਾ ਰਾਣੀ ਮੁਖਰਜੀ ਨੇ ਅੱਜ ਕਿਹਾ ਕਿ ਫ਼ਿਲਮ ‘ਮਰਦਾਨੀ’ ਨੂੰ ਭਵਿੱਖ ਵਿਚ ਵੀ ਕੜੀਆਂ ’ਚ ਰਿਲੀਜ਼ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਦੀ ‘ਫਰੈਂਚਾਈਜ਼’ ਹੀ ਬਣਾ ਲੈਣੀ ਚਾਹੀਦੀ ਹੈ। ਇਸ ਰਾਹੀਂ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਤੇ ਸਿਹਤਮੰਦ ਵਿਚਾਰਾਂ ਦਾ ਪ੍ਰਸਾਰ ਵੀ ਹੁੰਦਾ ਰਹੇਗਾ। ਅਜਿਹੇ ਮੁੱਦਿਆਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨਾਲ ਦੇਸ਼ ਜੂਝ ਰਿਹਾ ਹੈ। ਅਭਿਨੇਤਰੀ ਆਪਣੀ ਜਲਦੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਮਰਦਾਨੀ 2’ ਵਿਚ ਪੁਲੀਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰੌਏ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਗੋਪੀ ਪੁਤਰਨ ਹਨ ਤੇ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ‘ਮਰਦਾਨੀ’ 2014 ਵਿਚ ਰਿਲੀਜ਼ ਕੀਤੀ ਗਈ ਸੀ। ਨਵੀਂ ਫ਼ਿਲਮ ਨਾਬਾਲਗਾਂ ਨਾਲ ਜੁੜੇ ਜਬਰ-ਜਨਾਹ ਦੇ ਮਾਮਲਿਆਂ ਨਾਲ ਸਬੰਧਤ ਹੈ। 41 ਸਾਲਾ ਅਦਾਕਾਰਾ ਨੇ ਕਿਹਾ ਕਿ ਅਜਿਹੇ ਅਪਰਾਧ ‘ਗੰਭੀਰ ਖ਼ਤਰਾ ਹਨ ਤੇ ਅਣਗੌਲੇ ਨਹੀਂ ਜਾ ਸਕਦੇ।’ ਮਹਿਲਾਵਾਂ ਦੀ ਸੁਰੱਖਿਆ ਲਈ ਹਰ ਲੋੜੀਂਦਾ ਕਦਮ ਚੁੱਕਿਆ ਜਾਣਾ ਜ਼ਰੂਰੀ ਹੈ।