ਰੋਹਿਤ ਤੇ ਅਜੈ ਵੱਲੋਂ ‘ਗੋਲਮਾਲ ਫਾਈਵ’ ਦਾ ਐਲਾਨ
ਅਦਾਕਾਰ ਅਜੈ ਦੇਵਗਨ ਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਅੱਜ ਐਲਾਨ ਕੀਤਾ ਹੈ ਕਿ ਉਹ ‘ਗੋਲਮਾਲ’ ਸੀਰੀਜ਼ ਦੀ ਪੰਜਵੀਂ ਫ਼ਿਲਮ ਉੱਤੇ ਕੰਮ ਕਰ ਰਹੇ ਹਨ। ਦੋਵਾਂ ਨੇ ਦੱਸਿਆ ਕਿ ‘ਗੋਲਮਾਲ ਫਾਈਵ’ ਦੀ ਪਟਕਥਾ ਚੁਣੀ ਜਾ ਚੁੱਕੀ ਹੈ ਤੇ ਰੋਹਿਤ ਜਲਦੀ ਹੀ ਸ਼ੂਟਿੰਗ ਸ਼ੁਰੂ ਕਰਨਗੇ। ਫ਼ਿਲਮ ਦੀ ਇਸ ਕਿਸ਼ਤ ਨਾਲ ‘ਗੋਲਮਾਲ’ ਸੀਰੀਜ਼ ਦੀਆਂ ਪੰਜ ਫ਼ਿਲਮਾਂ ਪੂਰੀਆਂ ਹੋਣਗੀਆਂ ਤੇ ਇਸ ਤੋਂ ਪਹਿਲਾਂ ਇਕੋ ਨਾਂ ਹੇਠ ਬੌਲੀਵੁੱਡ ਵਿਚ ਐਨੀਆਂ ਫ਼ਿਲਮਾਂ ਕਦੇ ਨਹੀਂ ਬਣੀਆਂ। ਦੇਵਗਨ ਨੇ ਕਿਹਾ ਕਿ ਇਹ ਉਨ੍ਹਾਂ ਦੀ ਮਨਪਸੰਦ ਹੈ ਕਿਉਂਕਿ ਸੀਰੀਜ਼ ਦਾ ਸਿਰਲੇਖ ਹੀ ‘ਇਟਜ਼ ਫਨ ਅਨਲਿਮਟਿਡ’ ਹੈ। ਗੋਲਮਾਲ ਫਰੈਂਚਾਈਜ਼ ਵਿਚ ਅਜੈ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਕੁਨਾਲ ਖੇਮੂ, ਤੁਸ਼ਾਰ ਕਪੂਰ ਜੁੜੇ ਰਹੇ ਹਨ ਜਦਕਿ ਮੁੱਖ ਮਹਿਲਾ ਕਿਰਦਾਰ ਨੂੰ ਕਈ ਵਾਰ ਬਦਲਿਆ ਗਿਆ ਹੈ।