February 5, 2025
#ਖੇਡਾਂ

ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਸਮਿੱਥ

ਐਡੀਲੇਡ – ਆਸਟਰੇਲੀਆ ਦਾ ਸਟਾਰ ਬੱਲੇਬਾਜ਼ ਸਟੀਵ ਸਮਿੱਥ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ੀ ਨਾਲ 7000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਿਆ। ਉਸ ਨੇ 1946 ਵਿੱਚ ਬਣਿਆ ਰਿਕਾਰਡ ਤੋੜਿਆ ਅਤੇ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਡੌਨ ਬਰੈਡਮੈਨ ਨੂੰ ਪਛਾੜ ਕੇ 11ਵੇਂ ਸਥਾਨ ’ਤੇ ਪਹੁੰਚ ਗਿਆ। ਸਮਿੱਥ ਨੇ ਪਾਕਿਸਤਾਨ ਖ਼ਿਲਾਫ਼ ਦੂਜੇ ਟੈਸਟ ਵਿੱਚ ਇੱਕ ਦੌੜ ਲੈ ਕੇ ਇਹ ਅੰਕੜਾ ਪੂਰਾ ਕੀਤਾ। ਉਸ ਨੇ 73 ਸਾਲ ਪੁਰਾਣਾ ਇੰਗਲੈਂਡ ਦੇ ਵੇਲੀ ਹੇਮੰਡ ਦਾ ਰਿਕਾਰਡ ਤੋੜਿਆ। ਹੇਮੰਡ ਨੇ 131 ਪਾਰੀਆਂ ਵਿੱਚ 7000 ਦੌੜਾਂ ਪੂਰੀਆਂ ਕੀਤੀਆਂ ਸਨ, ਜਦਕਿ ਸਮਿੱਥ ਦੀ ਇਹ 126ਵੀਂ ਪਾਰੀ ਸੀ। ਭਾਰਤ ਦੇ ਵੀਰੇਂਦਰ ਸਹਿਵਾਗ ਨੇ 134 ਪਾਰੀਆਂ ਵਿੱਚ ਇਹ ਅੰਕੜਾ ਪੂਰਾ ਕੀਤਾ ਸੀ। ਕ੍ਰਿਕਟ ਆਸਟਰੇਲੀਆ ਨੇ ਟਵੀਟ ਕੀਤਾ, ‘‘ਸਭ ਤੋਂ ਤੇਜ਼ 7000 ਦੌੜਾਂ। ਤੁਸੀਂ ਸਟਾਰ ਹੋ ਸਮਿੱਥ।’’ ਸਮਿੱਥ ਨੇ ਬਰੈਡਮੈਨ ਨੂੰ ਵੀ ਪਛਾੜਿਆ, ਜਿਸ ਦੀਆਂ 6996 ਦੌੜਾਂ ਹਨ। ਸਮਿੱਥ ਨੇ ਇਸ ਸਾਲ ਐਸ਼ੇਜ਼ ਲੜੀ ਦੌਰਾਨ ਸੱਤ ਪਾਰੀਆਂ ਵਿੱਚ 774 ਦੌੜਾਂ ਬਣਾਈਆਂ ਸਨ। ਹੁਣ ਉਸ ਦਾ ਟੀਚਾ ਗਰੈਗ ਚੈਪਲ ਤੋਂ ਅੱਗੇ ਨਿਕਲਣਾ ਹੋਵੇਗਾ, ਜਿਸ ਦੀਆਂ 7110 ਦੌੜਾਂ ਹਨ। ਆਸਟਰੇਲੀਆ ਲਈ ਰਿੱਕੀ ਪੌਂਟਿੰਗ ਨੇ 168 ਟੈਸਟ ਵਿੱਚ ਸਭ ਤੋਂ ਵੱਧ 13378 ਦੌੜਾਂ ਬਣਾਈਆਂ ਹਨ।