February 5, 2025
#ਖੇਡਾਂ

ਵਾਰਨਰ ਨੇ ਜੜਿਆ ਤੀਹਰਾ ਸੈਂਕੜਾ

ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਬਾਦ ਤੀਹਰੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਦਿਨ-ਰਾਤ ਟੈਸਟ ਵਿੱਚ ਪਾਕਿਸਤਾਨ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ। ਵਾਰਨਰ ਨੇ 389 ਗੇਂਦਾਂ ਵਿੱਚ 335 ਦੌੜਾਂ ਜੋੜੀਆਂ, ਜਦੋਂਕਿ ਸਟੀਵ ਸਮਿੱਥ (36 ਦੌੜਾਂ) ਨੇ ਸਭ ਤੋਂ ਤੇਜ਼ 7000 ਦੌੜਾਂ ਦਾ ਰਿਕਾਰਡ ਬਣਾਇਆ।ਕਪਤਾਨ ਟਿਮ ਪੇਨ ਨੇ ਦੂਜੇ ਦਿਨ ਦੇ ਡਿੱਨਰ ਦੇ ਸੈਸ਼ਨ ਤੋਂ ਪਹਿਲਾਂ ਤਿੰਨ ਵਿਕਟਾਂ ’ਤੇ 589 ਦੌੜਾਂ ਦੇ ਸਕੋਰ ’ਤੇ ਪਹਿਲੀ ਪਾਰੀ ਐਲਾਨ ਦਿੱਤੀ। ਉਦੋਂ ਤੱਕ ਵਾਰਨਰ ਆਪਣਾ ਨਿੱਜੀ ਸਰਵੋਤਮ ਅਤੇ ਦਸਵਾਂ ਸਭ ਤੋਂ ਵੱਡਾ ਟੈਸਟ ਸਕੋਰ ਬਣਾ ਚੁੱਕਿਆ ਸੀ। ਪਾਰੀ ਐਲਾਨਣ ਦੇ ਇਸ ਫ਼ੈਸਲੇ ਨੇ ਹਾਲਾਂਕਿ ਉਸ ਨੂੰ ਬਰਾਇਨ ਲਾਰਾ ਦੇ ਨਾਬਾਦ 400 ਦੌੜਾਂ ਦੇ ਰਿਕਾਰਡ ਨੂੰ ਤੋੜਨ ਤੋਂ ਵਾਂਝਾ ਕਰ ਦਿੱਤਾ।ਇਸ ਫ਼ੈਸਲੇ ਦਾ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨੂੰ ਜ਼ਰੂਰ ਫ਼ਾਇਦਾ ਹੋਇਆ, ਜਿਨ੍ਹਾਂ ਨੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਤੇਜ਼ੀ ਨਾਲ ਪਾਕਿਸਤਾਨ ਦੀ ਸੀਨੀਅਰ ਕ੍ਰਮ ਦੀ ਬੱਲੇਬਾਜ਼ੀ ਨੂੰ ਝੰਜੋੜ ਦਿੱਤਾ। ਸਟੰਪ ਤੱਕ ਮਹਿਮਾਨ ਟੀਮ ਮੁਸ਼ਕਲ ਵਿੱਚ ਸੀ ਅਤੇ ਉਸ ਦਾ ਸਕੋਰ ਛੇ ਵਿਕਟਾਂ ’ਤੇ 96 ਦੌੜਾਂ ਹੋ ਗਿਆ ਸੀ। ਉਸ ਦੀ ਪਹਿਲੀ ਪਾਰੀ 493 ਦੌੜਾਂ ਨਾਲ ਪੱਛੜ ਰਹੀ ਹੈ, ਜਦਕਿ ਉਸ ਦੀਆਂ ਸਿਰਫ਼ ਚਾਰ ਵਿਕਟਾਂ ਬਚੀਆਂ ਹਨ। ਮਿਸ਼ੇਲ ਸਟਾਰਕ ਨੇ ਚਾਰ ਵਿਕਟਾਂ ਲਈਆਂ। ਬਾਬਰ ਆਜ਼ਮ 43 ਦੌੜਾਂ ਅਤੇ ਯਾਸਿਰ ਸ਼ਾਹ ਚਾਰ ਦੌੜਾਂ ਬਣਾ ਕੇ ਕ੍ਰੀਜ਼ ਡਟੇ ਹੋਏ ਹਨ।