ਸਿਆਚਿਨ ‘ਚ ਬਰਫੀਲੇ ਤੂਫਾਨ ਦਾ ਕਹਿਰ-2 ਜਵਾਨ ਸ਼ਹੀਦ
ਬਰਫੀਲੇ ਤੂਫ਼ਾਨਾਂ ਦੀ ਚਪੇਟ ਹਰ ਮਹੀਨੇ ਔਸਤਨ 2 ਜਵਾਨ ਗਵਾ ਰਹੇ ਜਾਨ
ਸ੍ਰੀਨਗਰ – ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ‘ਚ ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆਉਣ ਨਾਲ ਭਾਰਤੀ ਫੌਜ ਦੇ 2 ਜਵਾਨ ਸ਼ਹੀਦ ਹੋ ਗਏ। ਦੱਖਣੀ ਸਿਆਚਿਨ ਗਲੇਸ਼ੀਅਰ ‘ਚ 18 ਹਜ਼ਾਰ ਫੁੱਟ ਦੀ ਉਚਾਈ ‘ਤੇ ਸ਼ਨਿੱਚਰਵਾਰ ਨੂੰ ਫੌਜ ਦੀ ਪੈਟਰੋਲਿੰਗ ਪਾਰਟੀ ਬਰਫੀਲੇ ਤੂਫਾਨ ਦੀ ਚਪੇਟ ‘ਚ ਆ ਗਈ। ਐਵਿਲਾਂਚ ਰੈਸਕਿਊ ਟੀਮ (ਆਰ.ਆਈ.ਟੀ.) ਹਰਕਤ ‘ਚ ਆਈ ਅਤੇ ਪੈਟਰੋਲਿੰਗ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਬਾਹਰ ਕੱਢਣ ‘ਚ ਸਫਲ ਰਹੀ। ਇਸੇ ਦੌਰਾਨ ਫੌਜ ਦੇ ਹੈਲੀਕਾਪਟਰਾਂ ਦੇ ਜ਼ਰੀਏ ਜਵਾਨਾਂ ਨੂੰ ਸੁਰੱਖਿਅਤ ਸਥਾਨ ‘ਤੇ ਲਿਜਾਇਆ ਗਿਆ ਪਰ ਮੈਡੀਕਲ ਟੀਮ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਫੌਜ ਦੇ 2 ਜਵਾਨ ਸ਼ਹੀਦ ਹੋ ਗਏ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਆਏ ਇੱਕ ਬਰਫ਼ੀਲੇ ਤੁਫ਼ਾਨ ਦੀ ਚਪੇਟ ‘ਚ ਆਉਣ ਨਾਲ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ 2 ਹੋਰ ਦੀ ਗੰਭੀਰ ਜ਼ਖਮੀ ਹੋ ਗਏ ਸਨ। ਇੱਥੇ ਇਹ ਦੱਸਣਯੋਗ ਹੈ ਕਿ ਸਿਆਚਿਨ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਇਲਾਕਾ ਹੈ। ਸਿਆਚਿਨ ਵਿੱਚ ਬਰਫ਼ੀਲੇ ਤੁਫਾਨ ਦੇ ਕਾਰਨ ਹਰ ਮਹੀਨੇ ਔਸਤਨ 2 ਫੌਜੀ ਜਵਾਨਾਂ ਦੀ ਮੌਤ ਹੁੰਦੀ ਹੈ। ਦੇਖਿਆ ਜਾਵੇ ਤਾਂ 1984 ਤੋਂ ਲੈਕੇ ਹੁਣ ਤੱਕ 1000 ਤੋਂ ਜਿਆਦਾ ਜਵਾਨ ਸ਼ਹੀਦ ਹੋ ਚੁੱਕੇ ਹਨ। ਦੁਨੀਆ ਦੇ ਸਭ ਤੋਂ ਉੱਚੇ ਬਰਫ਼ੀਲੇ ਜੰਗੀ ਇਲਾਕੇ ਸਿਆਚਿਨ ‘ਚ ਭਾਰਤ ਨੂੰ ਜੰਗ ਲੜਦੇ ਪੂਰੇ 35 ਸਾਲ ਹੋ ਗਏ ਹਨ। ਇਹ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਇਲਾਕਾ ਹੀ ਨਹੀਂ ਸਗੋਂ ਸਭ ਤੋਂ ਜਿਆਦਾ ਖਰਚੀਲਾ ਜੰਗੀ ਇਲਾਕਾ ਵੀ ਹੈ।