February 5, 2025
#ਮਨੋਰੰਜਨ

ਹੈਦਰਾਬਾਦ ਘਟਨਾ ਸਮਾਜਿਕ ਢਾਂਚੇ ਦੇ ਨਾਕਾਮ ਹੋਣ ਦੀ ਨਿਸ਼ਾਨੀ: ਮਹੇਸ਼ ਬਾਬੂ

ਮੁੰਬਈ – ਤੇਲਗੂ ਸੁਪਰਸਟਾਰ ਮਹੇਸ਼ ਬਾਬੂ ਨੇ ਹੈਦਰਾਬਾਦ ਵਿਚ ਵਾਪਰੇ ਸਮੂਹਿਕ ਜਬਰ-ਜਨਾਹ ਦੇ ਹੱਤਿਆ ਦੇ ਮੁਲਜ਼ਮਾਂ ਨੂੰ ਫ਼ਾਂਸੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਕੇਸਾਂ ਵਿਚ ਫ਼ਾਂਸੀ ਹੀ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਅਦਾਕਾਰ ਨੇ ਟਵੀਟ ਕੀਤਾ ਕਿ ‘ਕਈ ਸਾਲ ਬੀਤੇ ਗਏ ਹਨ, ਅਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ, ਕੁਝ ਵੀ ਬਦਲ ਨਹੀਂ ਰਿਹਾ, ਸਮਾਜੀ ਤੌਰ ’ਤੇ ਅਸੀਂ ਨਾਕਾਮ ਸਾਬਿਤ ਹੋ ਰਹੇ ਹਾਂ।’ ਮਹੇਸ਼ ਨੇ ਟਵਿੱਟਰ ’ਤੇ ਤਿਲੰਗਾਨਾ ਤੇ ਕੇਂਦਰ ਸਰਕਾਰ ਨੂੰ ਲਿਖਿਆ ਕਿ ਅਜਿਹੇ ਘਿਣਾਉਣੇ ਅਪਰਾਧਾਂ ਲਈ ਸਖ਼ਤ ਕਾਨੂੰਨ ਬਣਾਏ ਜਾਣ, ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ। ਇਕ ਵੱਖਰੇ ਟਵੀਟ ਵਿਚ ਤੇਲਗੂ ਅਦਾਕਾਰ ਨੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਅਲਾਮਤ ਨਾਲ ਨਜਿੱਠਣ ਲਈ ਉਨ੍ਹਾਂ ਸਾਂਝੇ ਹੰਭਲੇ ਦੀ ਲੋੜ ’ਤੇ ਜ਼ੋਰ ਦਿੱਤਾ।