ਆਸਟਰੇਲੀਆ ਨੇ ਦਿਨ-ਰਾਤ ਟੈਸਟਾਂ ਦੀ ਲੜੀ ਜਿੱਤੀ
![](https://blastingskyhawk.com/wp-content/uploads/2019/12/12-1.jpg)
ਐਡੀਲੇਡ – ਨਾਥਨ ਲਿਓਨ ਦੀਆਂ ਪੰਜ ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਦਿਨ-ਰਾਤ ਕ੍ਰਿਕਟ ਟੈਸਟ ਦੇ ਚੌਥੇ ਦਿਨ ਪਾਕਿਸਤਾਨ ਨੂੰ ਪਾਰੀ ਅਤੇ 48 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 2-0 ਨਾਲ ਹੂੰਝਾ ਫੇਰ ਦਿੱਤਾ। ਪਹਿਲੀ ਪਾਰੀ ਵਿੱਚ 287 ਦੌੜਾਂ ਤੋਂ ਪੱਛੜਣ ਮਗਰੋਂ ਫਾਲੋਆਨ ਖੇਡ ਰਹੀ ਪਾਕਿਸਤਾਨ ਦੀ ਟੀਮ ਲਿਓਨ (69 ਦੌੜਾਂ ਦੇ ਕੇ ਪੰਜ ਵਿਕਟਾਂ) ਅਤੇ ਜੋਸ਼ ਹੇਜ਼ਲਵੁੱਡ (63 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਗੇਂਦਬਾਜ਼ੀ ਸਾਹਮਣੇ ਦੂਜੀ ਪਾਰੀ ਵਿੱਚ ਵੀ 239 ਦੌੜਾਂ ਹੀ ਬਣਾ ਸਕੀ।ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀਆਂ ਨਾਬਾਦ 335 ਦੌੜਾਂ ਦੀ ਬਦੌਲਤ ਪਹਿਲੀ ਪਾਰੀ ਵਿੱਚ ਤਿੰਨ ਵਿਕਟਾਂ ’ਤੇ 589 ਦੌੜਾਂ ਬਣਾਉਣ ਮਗਰੋਂ ਪਾਰੀ ਐਲਾਨੀ ਸੀ। ਲਿਓਨ ਨੇ ਇਸ ਤੋਂ ਪਹਿਲਾਂ ਕਦੇ ਪਾਕਿਸਤਾਨ ਖ਼ਿਲਾਫ਼ ਪੰਜ ਵਿਕਟਾਂ ਨਹੀਂ ਲਈਆਂ। ਇਸ ਆਫ਼ ਸਪਿੰਨਰ ਨੇ 16ਵੀਂ ਵਾਰ ਪਾਰੀ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ। ਹੁਣ ਐਡੀਲੇਡ ਓਵਲ ਵਿੱਚ ਉਸ ਦੇ ਨਾਮ 50 ਟੈਸਟ ਵਿਕਟਾਂ ਦਰਜ ਹਨ। ਪਾਕਿਸਤਾਨ ਨੇ ਦਿਨ ਦੀ ਸ਼ੁਰੂਆਤ ਤਿੰਨ ਵਿਕਟਾਂ ’ਤੇ 39 ਦੌੜਾਂ ਤੋਂ ਕੀਤੀ। ਸਲਾਮੀ ਬੱਲੇਬਾਜ਼ ਸ਼ਾਨ ਮਸੂਦ (68 ਦੌੜਾਂ) ਅਤੇ ਅਸਦ ਸ਼ਫ਼ੀਕ (57 ਦੌੜਾਂ) ਨੇ ਸਕੋਰ 123 ਦੌੜਾਂ ਤੱਕ ਪਹੁੰਚਾਇਆ, ਜਿਸ ਮਗਰੋਂ ਲਿਓਨ ਨੇ ਮਸੂਦ ਨੂੰ ਮਿਸ਼ੇਲ ਸਟਾਰਕ ਹੱਥੋਂ ਕੈਚ ਕਰਵਾ ਕੇ ਇਸ ਭਾਈਵਾਲੀ ਨੂੰ ਤੋੜਿਆ। ਸ਼ਫੀਕ ਵੀ ਨੀਮ ਸੈਂਕੜਾ ਮਾਰਨ ਮਗਰੋਂ ਲਿਓਨ ਦੀ ਗੇਂਦ ਦਾ ਸ਼ਿਕਾਰ ਹੋਇਆ। ਇਫ਼ਤਿਖ਼ਾਰ ਅਹਿਮਦ ਅਤੇ ਮੁਹੰਮਦ ਰਿਜ਼ਵਾਨ (45 ਦੌੜਾਂ) ਨੇ ਇਸ ਮਗਰੋਂ ਟੀਮ ਦਾ ਸਕੋਰ 200 ਦੌੜਾਂ ਤੋਂ ਪਾਰ ਪਹੁੰਚਾਇਆ।